ਆ ਸਜਣ ਗਲ ਲੱਗ ਅਸਾਡੇ

ਆ ਸਜਣ ਗਲ ਲੱਗ ਅਸਾਡੇ ਕੇਹਾ ਝੇੜਾ ਲਇਓ ਈ ?

ਸੁੱਤਿਆਂ ਬੈਠਿਆਂ ਕੁੱਝ ਨਾ ਡਿਠਾ ਜਾਗਦਿਆਂ ਸ਼ਹੁ ਪਾਇਓ ਈ।
ਕੁੰਨ ਬਾਜ਼ਯਾਨੀ ਸ਼ਮਸ ਬੋਲੇ ਉਲਟਾ ਕਰ ਲਟਕਾਇਓ ਈ।

ਇਸ਼ਕਨ ਇਸ਼ਕਨ ਜੱਗ ਵਿਚ ਹੋਈਆਂ ਦੇ ਦਿਲਾਸ ਬਿਠਾਇਓ ਈ।
ਮੈਂ ਤੈਂ ਕਾਈ ਨਹੀਂ ਜੁਦਾਈ ਫਿਰ ਕਿਉਂ ਆਪ ਛੁਪਾਇਓ ਈ।

ਮਝੀਆਂ ਆਈਆਂ ਮਾਹੀ ਨਾ ਆਈਆ ਫੂਕ ਬ੍ਰਿਹੋਂ ਡੁਲਾਇਓ ਈ।
ਏਸ ਇਸ਼ਕ ਦੇ ਵੇਖੇ ਕਾਰੇ ਯੂਸਫ ਖੂਹ ਪਵਾਇਓ ਈ।

ਵਾਂਗ ਜ਼ੁਲੈਖਾ ਵਿਚ ਮਿਸਰ ਦੇ ਘੁੰਗਟ ਖੋਲ੍ਹ ਰੁਲਾਇਓ ਈ।
ਰੱਬੇ – ਅਰਨੀ ਮੂਸਾ ਬੋਲੇ ਤਦ ਕੋਹ – ਤੂਰ ਜਲਾਇਓ ਈ।

ਲਨਤਰਾਨੀ ਝਿੜਕਾਂ ਵਾਲਾ ਆਪੇ ਹੁਕਮ ਸੁਣਾਇਓ ਈ।
ਇਸ਼ਕ ਦੀਵਾਨੇ ਕੀਤਾ ਫ਼ਾਨੀ ਦਿਲ ਯਤੀਮ ਬਨਾਇਓ ਈ।

ਬੁਲ੍ਹਾ ਸ਼ੌਹ ਘਰ ਵੱਸਿਆ ਆ ਕੇ ਸ਼ਾਹ ਅਨਾਇਤ ਪਾਇਓ ਈ।
ਆ ਸਜਣ ਗਲ ਲੱਗ ਅਸਾਡੇ ਕਿਹਾ ਝੇੜਾ ਲਾਇਓ ਈ।

Loading Likes...

Leave a Reply

Your email address will not be published. Required fields are marked *