ਪੰਜਾਬੀ ਅਖਾਣ – 9/ Punjabi Akhaan – 9

ਪੰਜਾਬੀ ਅਖਾਣ – 9/ Punjabi Akhaan – 9

1. ਕਲਾ ਕਲੰਦਰ ਵਸੇ ਤੇ ਘੜਿਓ ਪਾਣੀ ਨੱਸੇ

(ਜਿਸ ਘਰ ਵਿੱਚ ਸਦਾ ਕਲੇਸ਼ ਰਹੇ ਉੱਥੇ ਸੁੱਖ ਅਲੋਪ ਹੋ ਜਾਂਦੇ ਹਨ) –

ਬਿੰਦਰ ਦੇ ਘਰ ਹਰ ਵੇਲੇ ਕੋਈ ਨਾ ਕੋਈ ਕਲੇਸ਼ ਪਿਆ ਰਹਿੰਦਾ ਹੈ, ਸਿਆਣਿਆਂ ਨੇ ਠੀਕ ਆਖਿਆ ਹੈ, ਕਲਾ ਕਲੰਦਰ ਵਸੇ ਤੇ ਘੜਿਓ ਪਾਣੀ ਨੱਸੇ।

2. ਕੰਧੀ ਉੱਤੇ ਰੁਖੜਾ ਕਿਚਰਕੁ ਬੰਨ੍ਹੇ ਧੀਰ

(ਸਮੇਂ ਨਾਲ ਘਟਦੀ ਵਸਤੂ ਅੰਤ ਖ਼ਤਮ ਹੋ ਜਾਂਦੀ ਹੈ) –

80 ਸਾਲ ਦੇ ਦਲੀਪੇ ਨੇ ਆਪਣੇ ਪੁੱਤਰਾਂ ਨੂੰ ਕਿਹਾ, ਮੇਰੇ ਬੱਚਿਓ ਰਲ਼ – ਮਿਲ ਕੇ ਰਿਹਾ ਕਰੋ। ਮੇਰੀ ਤਾਂ ਹੁਣ ‘ਕੰਧੀ ਉੱਤੇ ਰੁਖੜਾ ਕਿਚਰਕੁ ਬੰਨ੍ਹੇ ਧੀਰ ‘ ਵਾਲੀ ਗੱਲ ਹੈ।

3. ਕਦੀ ਤੋਲਾ, ਕਦੀ ਮਾਸਾ ਉਸ ਦੀ ਗੱਲ ਦਾ ਕੀ ਭਰਵਾਸਾ

(ਉਸ ਵਿਅਕਤੀ ਲਈ ਵਰਤਿਆਂ ਜਾਂਦਾ ਹੈ ਜੋ ਪਲ – ਪਲ ਆਪਣੇ ਰੁੱਖ ਨੂੰ ਬਦਲਦਾ ਰਹਿੰਦਾ ਹੈ) –

ਹਿਨਾ ਦਾ ਕੀ ਏ ? ਜੇ ਹੁਣ ਤੇਰੇ ਨਾਲ ਗੁੱਸਾ ਹੋ ਗਈ ਹੈ। ਥੋੜ੍ਹੀ ਦੇਰ ਨੂੰ ਆਪੇ ਮੰਨ ਜਾਏਗੀ। ਤੂੰ ਉਸ ਦਾ ਨਾ ਫਿਕਰ ਕਰ, ਉਹ ਤਾਂ ‘ਕਦੀ ਤੋਲਾ ਕਦੀ ਮਾਸਾ ਉਸ ਦੀ ਗੱਲ ਦਾ ਕੀ ਭਰਵਾਸਾ।

4. ਕੁੱਛੜ ਕੁਡ਼ੀ ਤੇ ਸ਼ਹਿਰ ਢੰਡੋਰਾ

(ਕਿਸੇ ਬੌਂਦਲੇ ਹੋਏ ਦਾ ਆਪਣੇ ਕੋਲ ਜਾਂ ਘਰ ਵਿੱਚ ਪਈ ਚੀਜ਼ ਨੂੰ ਇੱਧਰ – ਉੱਧਰ ਲੱਭਣਾ)

ਉਹ ਇੱਕ ਘੰਟੇ ਤੋਂ ਆਪਣੀ ਬੈਲਟ ਲੱਭ ਰਿਹਾ ਸੀ ਪਰ ਜਦੋਂ ਮੈਂ ਉਸ ਦੀ ਭਾਲ ਤੋਂ ਤੰਗ ਆ ਕੇ ਧਿਆਨ ਮਾਰਿਆ, ਤਾਂ ਉਸ ਦੀ ਬੈਲਟ ਉਸ ਦੇ ਲੱਕ ਤੇ ਬੰਨ੍ਹੀ ਦੇਖੀ। ਮੈਂ ਕਿਹਾ, ‘ਤੇਰੀ ਤਾਂ ਉਹ ਗੱਲ ਹੈ, ਅਖੇ ਕੁੱਛੜ ਕੁਡ਼ੀ ਤੇ ਸ਼ਹਿਰ ਢੰਡੋਰਾ।

5. ਕਾਹਲੀ ਅੱਗੇ ਟੋਏ

(ਧੀਰਜ ਨਾਲ ਕੰਮ ਕਰਨ ਦੀ ਮੱਹਤਤਾ ਦਰਸਾਉਣ ਲਈ ਇਹ ਅਖਾਣ ਵਰਤਿਆਂ ਜਾਂਦਾ ਹੈ)

ਬਿੰਦਰ ਨੇ ਬਗੈਰ ਸੋਚੇ ਸਮਝੇ ਤੇ ਬਿਨਾਂ ਕਿਸੇ ਦੀ ਸਲਾਹ ਦੇ ਕਰਿਆਨੇ ਦੀ ਦੁਕਾਨ ਖੋਲ੍ਹ ਲਈ। ਬਿੰਦਰ ਦਾ ਇਸ ਕੰਮ ਵਿੱਚ ਤਜ਼ਰਬਾ ਨਹੀਂ ਹੋਣ ਕਰਕੇ ਉਸਦਾ ਕੰਮ ਫੇਲ੍ਹ ਹੋ ਗਿਆ। ਉਸ ਦੀ ਪਤਨੀ ਨੇ ਨਰੇਸ਼ ਨੂੰ ਕਿਹਾ ਕਿ ਸਿਆਣੇ ਠੀਕ ਹੀ ਆਖਦੇ ਹਨ ‘ਕਾਹਲੀ ਅੱਗੇ ਟੋਏ।

6. ਕੁੱਤਾ ਵੀ ਪੂਛ ਮਾਰ ਕੇ ਬਹਿੰਦਾ ਏ

(ਕਿਸੇ ਗੰਦੇ ਬੰਦੇ ਨੂੰ ਗੰਦਗੀ ਵਿੱਚ ਰਹਿਣ ਤੋਂ ਰੋਕਣ ਲਈ ਇਹ ਅਖਾਣ ਵਰਤਿਆਂ ਜਾਂਦਾ ਹੈ) –

ਜਦੋਂ ਮੈਂ ਜਸਵਿੰਦਰ ਦੇ ਘਰ ਉਸ ਦੇ ਕਮਰੇ ਵਿੱਚ ਗਈ ਤਾਂ ਸਾਰੇ ਪਾਸੇ ਖਿਲਾਰਾ ਪਿਆ ਹੋਇਆ ਸੀ ਕੱਪੜੇ ਖਿਲਰੇ ਹੋਏ ਸਨ। ਮੈਂ ਉਸ ਨੂੰ ਸਾਫ਼ – ਸਾਫ਼ ਕਹਿ ਦਿੱਤਾ, ‘ਜਸਵਿੰਦਰ ਤੂੰ ਧੰਨ ਐ ਜੋ ਇੱਥੇ ਰਹਿ ਲੈਂਦੀ ਹੈ, ਕੁੱਤਾ ਵੀ ਬੈਠਣ ਲੱਗਿਆਂ ਪੂਛ ਮਾਰ ਕੇ ਬਹਿੰਦਾ ਹੈ।

7. ਕੰਧਾਂ ਦੇ ਵੀ ਕੰਨ ਹੁੰਦੇ ਆ

(ਇਹ ਦੱਸਣ ਲਈ ਕਿ ਕਿਸੇ ਦੀ ਕੀਤੀ ਗੱਲ ਉਸ ਤੱਕ ਪਹੁੰਚ ਜਾਂਦੀ ਹੈ ਤਾਂ ਕਹਿੰਦੇ ਹਨ)

ਯਮਨ ਨੂੰ ਸਕੂਲ ਵਿੱਚੋ ਕੱਢ ਦਿੱਤਾ ਕਿਉਂਕਿ ਉਹ ਹਮੇਸ਼ਾਂ ਕਾਰਜਕਾਰਨੀ ਕਮੇਟੀ ਵਿਰੁੱਧ ਚੋਰੀ ਗੱਲਾਂ ਕਰਦਾ ਸੀ। ਉਸ ਦੇ ਦੋਸਤ ਨੇ ਕਿਹਾ, ਰਿਸ਼ਭ , ਹੁਣ ਪਤਾ ਲੱਗਾ ਕਿ ਕੰਧਾਂ ਦੇ ਵੀ ਕੰਨ ਹੁੰਦੇ ਆ।

8. ਕਾਹਲ਼ੀ ਦੀ ਘਾਣੀ ਅੱਧਾ ਤੇਲ ਅੱਧਾ ਪਾਣੀ

(ਕਾਹਲ ਨਾਲ ਕੰਮ ਹਮੇਸ਼ਾ ਖ਼ਰਾਬ ਹੁੰਦਾ ਹੈ)

ਨਰੇਸ਼ ਦੇ ਘਰ ਦੇ ਠੇਕੇ ਵਾਲੇ ਮਿਸਤਰੀ ਨੇ ਜਿਉਂ ਲੈਂਟਰ ਖੋਲ੍ਹਿਆਂ, ਲੈਂਟਰ ਥੱਲੇ ਡਿੱਗ ਪਿਆ। ਨਰੇਸ਼ ਸੀਮਿੰਟ,ਬਜਰੀ ਤੇ ਹੋਰ ਹੋਏ ਨੁਕਸਾਨ ‘ਤੇ ਪੱਛਤਾ ਰਿਹਾ ਸੀ। ਮੈਂ ਉਸ ਪਹਿਲਾਂ ਹੀ ਕਿਹਾ ਸੀ ਕਿ ਦਿਹਾੜੀ ਤੇ ਕੰਮ ਕਰਵਾ, ਠੇਕੇ ਦਾ ਕੰਮ ਤਾਂ ‘ਕਾਹਲ਼ੀ ਦੀ ਘਾਣੀ ਅੱਧਾ ਤੇਲ ਅੱਧਾ ਪਾਣੀ’ ਹੁੰਦਾ ਹੈ।

ਹੋਰ ਵੀ ਨਵੇਂ ਪੰਜਾਬੀ ਅਖਾਣ ਵਾਸਤੇ ਤੁਸੀਂ 👉ਇੱਥੇ Click👈 ਕਰੋ।

Loading Likes...

Leave a Reply

Your email address will not be published.