।। ਉਲਟੇ ਹੋਰ ਜ਼ਮਾਨੇ ਆਏ ।।

ਉਲਟੇ ਹੋਰ ਜ਼ਮਾਨੇ ਆਏ ,
ਤਾਂ ਮੈਂ ਭੇਦ ਸੱਜਣ ਦੇ ਪਾਏ । ਟੇਕ ।

ਕਾਂ ਲਗੜਾਂ ਨੂੰ ਮਾਰਨ ਲੱਗੇ , ਚਿੜੀਆਂ ਜੁੱਰੇ ਢਾਏ ।
ਘੋੜੇ ਚੁਗਣ ਅਰੂੜੀਆਂ ‘ਤੇ , ਗੱਦੋਂ ਖਵੇਦ ਪਵਾਏ ।

ਆਪਣੀਆਂ ਵਿਚ ਉਲਫ਼ਤ ਨਾਹੀਂ, ਕਿਆ ਚਾਚੇ ਕਿਆ ਤਾਏ ।
ਪਿਉ ਪੁੱਤਰਾਂ ਇਤਫ਼ਾਕ ਨਾ ਕਾਈ , ਧੀਆਂ ਨਾਲ ਨਾ ਮਾਏ ।

ਸੱਚਿਆਂ ਨੂੰ ਪਏ ਮਿਲਦੇ ਧੱਕੇ , ਝੂਠੇ ਕੋਲ ਬਹਾਏ ।
ਅਗਲੇ ਹੋ ਕੰਗਾਲੇ ਬੈਠੇ , ਪਿਛਲਿਆਂ ਫ਼ਰਸ਼ ਵਿਛਾਏ ।

ਭੂਰੀਆਂ ਵਾਲੇ ਰਾਜੇ ਕੀਤੇ , ਰਾਜਿਆਂ ਭੀਖ ਮੰਗਾਏ ।
ਬੁਲ੍ਹਿਆ ਹੁਕਮ ਹਜ਼ੂਰੋਂ ਆਇਆਂ , ਤਿਸ ਨੂੰ ਕੌਣ ਹਟਾਏ ।

ਉਲਟੇ ਹੋਰ ਜ਼ਮਾਨੇ ਆਏ ,
ਤਾਂ ਮੈਂ ਭੇਦ ਸੱਜਣ ਦੇ ਪਾਏ ।

ਨਜ਼ੀਰ ਅਹਿਮਦ : ਕਲਾਮ ਬੁਲ੍ਹੇਸ਼ਾਹ, ਪੰ.14;4;14

Loading Likes...

Leave a Reply

Your email address will not be published. Required fields are marked *