ਮੁਹਾਵਰੇ ਤੇ ਉਹਨਾਂ ਦੀ ਵਰਤੋਂ – 1

ਮੁਹਾਵਰੇ ਤੇ ਉਹਨਾਂ ਦੀ ਵਰਤੋਂ :

ਪੰਜਾਮੀ ਦੀ ਜਮਾਤ ਵਿੱਚ ਅਸੀਂ ਸ਼ੁਰੂ ਕਰਾਂਗੇ  ‘ਮੁਹਾਵਰੇ’। ਮੁਹਾਵਰੇ ਇਕ ਵਧੀਆ ਤਰੀਕਾ ਹੁੰਦਾ ਹੈ ਆਪਣੀ ਗੱਲ ਕਹਿਣ ਦਾ ਜਿਸਦਾ ਕਿ ਸੁਨਣ ਵਾਲੇ ਤੇ ਜ਼ਿਆਦਾ ਪ੍ਰਭਾਵ ਪੈਂਦਾ ਹੈ ਤੇ ਕਹਿਣ ਵਾਲਾ ਵਧੀਆ ਢੰਗ ਨਾਲ ਆਪਣੀ ਗੱਲ ਕਹਿ ਸਕਦਾ ਹੈ।

ਪਰ ਅਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਦੇਖਦੇ ਹਾਂ ਕਿ ਮੁਹਾਵਰਿਆਂ ਦੀ ਵਰਤੋਂ ਦਿਂਨੋ ਦਿਨ ਘੱਟਦੀ ਜਾ ਰਹੀ ਹੈ। ਪਰ ਮੁਹਾਵਰੇ ਸਾਡੀ ਗੱਲ ਨੂੰ ਕਹਿਣ ਦਾ ਇਕ ਸਿੱਧਾ ਤੇ ਸਰਲ ਤਰੀਕਾ ਹੁੰਦੇ ਹਨ ਜੋ ਕਿ ਗੱਲ ਕਰਣ ਵਾਲੇ ਦੇ ਬੋਲਾਂ ਵਿੱਚ ਇਕ ਪਕੜ ਨੂੰ ਸਾਬਤ ਕਰਦੇ ਨੇ।

ਕੁੱਝ ਮੁਹਾਵਰਿਆਂ ਦਾ ਜ਼ਿਕਰ ਹੇਠ ਦਿੱਤਾ ਗਿਆ ਹੈ, ਤੇ ਅੱਗੇ ਤੋਂ ਵੀ ਜਿੰਨੇ ਹੋ ਸਕੇ ਓਨੇ ਮੁਹਾਵਰੇ ਤੁਹਾਡੇ ਸੱਭ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ :

1. ਉਸਤਾਦੀ ਕਰਨੀ ( ਚਲਾਕੀ ਕਰਨੀ ) : ਕਿਸੇ ਸਾਊ ਬੰਦੇ ਨਾਲ ਉਸਤਾਦੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਕ ਦਿਨ ਪਤਾ ਤਾਂ ਸੱਭ ਲੱਗ ਹੀ ਜਾਣਾ ਹੈ।

2. ਉੱਸਲ – ਵੱਟੇ ਭੰਨਣੇ (ਪਾਸੇ ਮਾਰਨੇ ) : ਜੇ ਅਸੀਂ ਦਿਨੇ ਕੁੱਝ ਘੰਟੇ ਸੌਂ ਜਾਈਏ ਤਾਂ ਸਾਰੀ ਰਾਤ ਉੱਸਲ ਵੱਟੇ ਭੰਨ ਕੇ ਹੀ ਰਾਤ ਨਿਕਲਦੀ ਹੈ।

3. ਉੱਖਲੀ ਵਿਚ ਸਿਰ ਦੇਣਾ ( ਜਾਣ -ਬੁਝ ਕੇ ਮੁਸੀਬਤ ਮੁੱਲ ਲੈਣੀ ) : ਅਖਾੜੇ ਵਿੱਚ ਇਕ ਮਰੂ ਜਿਹੇ ਬੰਦੇ ਨੇ ਜਾਣਬੁੱਝ ਕੇ ਪਹਿਲਵਾਨ ਨਾਲ ਟੱਕਰ ਲੈਣ ਦਾ ਜੋ ਇਰਾਦਾ ਕੀਤਾ ਹੈ ਉਸਨੇ ਉੱਖਲੀ ਵਿਚ ਸਿਰ ਦੇ ਦਿੱਤਾ ਹੈ।

4. ਉਂਗਲ ਕਰਨੀ ਜਾਂ ਊਜ ਲਾਉਣੀ (ਤੁਹਮਤ ਲਾਉਣੀ ) : ਕਿਸੇ ਤੇ ਉਂਗਲੀ ਕਰਨ ਤੋਂ ਪਹਿਲਾਂ ਆਪਣੇ ਮੰਜੇ ਹੇਠਾਂ ਸੋਟਾ ਜ਼ਰੂਰ ਮਾਰਨਾ ਚਾਹੀਦਾ ਹੈ।

5. ਉੱਧੜ – ਧੁੰਮੀ ਮਚਾਉਣੀ ਜਾਂ ਉੱਧੜ -ਧੁਮੀ ਚੁੱਕਣੀ ( ਬਹੁਤ ਸ਼ੋਰ -ਸ਼ਰਾਬਾ ਪਾਉਣਾ ) : ਵਿਆਹਾਂ ਵਿਚ ਉੱਧੜ ਧੁਮੀ ਆਮ ਗੱਲ ਹੈ।

6. ਉਂਗਲਾ ਤੇ ਨਚਾਉਣਾ ( ਕਿਸੇ ਨੂੰ ਵੱਸ ਵਿਚ ਕਰ ਕੇ ਉਸ ਕੋਲੋਂ ਆਪਣੀ ਮਰਜ਼ੀ ਅਨੁਸਾਰ ਕੰਮ ਕਰਾਉਣਾ ) : ਅੱਜ ਕੱਲੰ ਦੇ ਸਮੇ ਵਿੱਚ ਹਰ ਔਰਤ ਨੂੰ ਆਪਣੇ ਪਤੀ ਨੂੰ ਉਂਗਲਾਂ ਤੇ ਨਚਾਉਣ ਆਉਂਦਾ ਹੈ।

7. ਉਭੇ ਸਾਹ ਲੈਣੇ  (ਲੰਮੇ ਲੰਮੇ ਹੋਕੇ ਭਰਨੇ) : ਪਰਸੋਂ ਜਦੋਂ ਜਸਵਿੰਦਰ ਦਾ ਪਤੀ ਉਸ ਤੋਂ ਦੂਰ ਪੈਸੇ ਕਮਾਉਣ ਬਾਹਰਲੇ ਮੁਲਕ ਚਲਾ ਗਿਆ ਤਾਂ ਉਹ ਸਾਰਾ ਦਿਨ ਉੱਬੇ ਸਾਹ ਲੈਂਦੀ ਰਹੀ।

8. ਉਲਟੇ ਚਾਲੇ ਫੜਨੇ : (ਭੈੜੇ ਕੰਮਾਂ ਵਿਚ ਪੈਣਾ) : ਜੇ ਅੱਜ ਕੱਲ ਬੱਚਿਆਂ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਉਹ ਉਲਟ ਚਾਲੇ ਫੜ ਲੈਂਦੇ ਨੇ।

9. ਉਲਟੀ ਪੱਟੀ ਪੜ੍ਹਾਉਣੀ : (ਪੁੱਠੇ ਪਾਸੇ ਲਾਉਣਾ) : ਅੱਜ ਕਲ ਦੇ ਸਮੇ ਤੇ ਸਾਨੂੰ ਆਪਣਾ ਦਿਮਾਗ ਜ਼ਿਆਦਾ ਵਰਤਣਾ ਚਾਹੀਦਾ ਹੈ ਨਹੀਂ ਤਾਂ ਲੋਕ ਤਾਂ ਹਮੇਸ਼ਾ ਉਲਟੀ ਪੱਟੀ ਹੀ ਪੜ੍ਹਾਉਂਦੇ ਨੇ।

10. ਉੱਲੂ ਸਿੱਧਾ ਕਰਨਾ : (ਆਪਣਾ ਮਤਲਬ ਕੱਢਣਾ) : ਗੌਰਵ ਨੇ ਆਪਣੀ ਮਾਤਾ ਜੀ ਤੋਂ ਜ਼ਮੀਨ ਦੇ ਕਾਗਜ਼ਾਂ ਤੇ ਹਸਤਾਖਰ ਕਰਵਾ ਕੇ ਆਪਣਾ ਉੱਲੂ ਸਿੱਧਾ ਕੀਤਾ ਤੇ ਮਾਤਾ ਨੂੰ ਘਰੋਂ ਬਾਹਰ ਕੱਢ ਦਿੱਤਾ।

11. ਉੱਲੂ ਬੋਲਣੇ : ( ਉਜਾੜ ਹੋਣਾ ): ਪੰਜਾਬ ਦੇ ਬਹੁਤ ਸਾਰੇ ਪਿੰਡ ਦੇ ਲੋਕ ਪਿੰਡ ਛੱਡ ਕੇ ਬਾਹਰਲੇ ਮੁਲਕਾਂ ਨੂੰ ਚਲੇ ਗਏ ਨੇ ਤੇ ਪਿੰਡਾਂ ਦੇ ਪਿੰਡ ਉੱਲੂ ਬੋਲਣ ਲੱਗ ਪਏ ਨੇ।

12. ਊਟ – ਪਟਾਂਗ ਮਾਰਨਾ : ( ਨਿਕੰਮੀਆਂ ਗੱਲਾਂ ਕਰਨੀਆਂ ) : ਆਲੇ ਦਵਾਲੇ ਊਟ ਪਟਾਂਗ ਮਾਰਨ ਨਾਲੋਂ ਚੰਗਾ ਹੈ, ਕੁੱਝ ਕਿਤਾਬਾਂ ਹੀ ਪੜ੍ਹ ਲਈਆਂ ਜਾਣ।

13. ਊਠ ਦੇ ਮੂੰਹ ਜੀਰਾ ਦੇਣਾ : (ਬਹੁਤ ਖਾਣ ਵਾਲੇ ਨੂੰ ਜ਼ਰਾ ਜਿੰਨੀ ਚੀਜ਼ ਦੇਣੀ) : ਮੈਂ ਸਵੇਰ ਦਾ ਭੁੱਖਾ ਸੀ, ਹੋਰ ਕੁੱਝ ਨਹੀਂ ਮਿਲਿਆ ਬੱਸ ਇਕ ਟਾਫੀ ਹੀ ਮਿਲੀ, ਇਸ ਨਾਲ ਕੀ ਹੋਣਾ ਸੀ, ਇਹ ਤਾਂ ਊਠ ਦੇ ਮੁਹਨ ਜ਼ੀਰਾ ਦੇਣ ਵਾਲੀ ਹੀ ਗੱਲ ਸੀ।

Loading Likes...

Leave a Reply

Your email address will not be published. Required fields are marked *