ਮੁਹਾਵਰੇ ਤੇ ਉਹਨਾਂ ਦੀ ਵਰਤੋਂ – 6

1. ਕੱਛਾਂ ਵਜਾਉਣੀਆਂ  (ਖੁਸ਼ੀ ਵਿੱਚ ਨੱਚਣਾ-ਟੱਪਣਾ) : ਅਗਲੇ ਦਿਨ ਦੀ ਛੁੱਟੀ ਦੀ ਖ਼ਬਰ ਸੁਣ ਕੇ ਵਿਦਿਆਰਥੀ ਕੱਛਾਂ ਵਜਾਉਣ ਲੱਗ ਜਾਂਦੇ ਨੇ।

2. ਕਮਰ ਕੱਸਣੀ (ਤਿਆਰੀ ਕਰਨੀ) : ਇਮਤਿਹਾਨ ਨੇੜੇ ਆਉਂਦਾ ਵੇਖ ਕੇ ਵਿਦਿਆਰਥੀ ਪੜ੍ਹਾਈ ਲਈ ਕਮਰ ਕੱਸ ਲੈਂਦੇ ਹਨ।

3. ਕੰਘਾ ਹੋਣਾ (ਨੁਕਸਾਨ ਹੋਣਾ) : ਜ਼ੋਰਦਾਰ ਮੀਂਹ ਅਤੇ ਗੜੇ ਪੈ ਜਾਣ ਕਰਕੇ ਕਿਸਾਨਾਂ ਦਾ ਕੰਘਾ ਹੋ ਗਿਆ।

4. ਕੰਨ ਹੋਣੇ (ਨਸੀਹਤ ਹੋਣੀ) : ਇਮਤਿਹਾਨ ਵਿਚੋਂ ਫੇਲ੍ਹ ਹੋ ਜਾਣ ਤੇ ਨਰੇਸ਼ ਨੂੰ ਕੰਨ ਹੋ ਗਏ ਹਨ ਕਿ ਮਿਹਨਤ ਤੋਂ ਬਿਨਾਂ ਪਾਸ ਹੋਣਾ ਮੁਸ਼ਕਿਲ ਹੈ।

5. ਕੰਨੀਂ ਕਤਰਾਉਣਾ (ਜੀਅ ਚੁਰਾਉਣਾ) : ਜਿਹੜੇ ਲੋਕ ਮਿਹਨਤ ਤੋਂ ਕੰਨੀ ਕਤਰਾਉਂਦੇ ਹਨ, ਉਹ ਜੀਵਨ ਵਿਚ ਕਦੇ ਵੀ ਸਫ਼ਲਤਾ ਪ੍ਰਾਪਤ ਨਹੀਂ ਕਰ ਸਕਦੇ।

6. ਕਸਰ ਖਾਣੀ (ਨੁਕਸਾਨ ਉਠਾਉਣਾ) : ਕੋਈ ਕੰਮ ਕਰਨ ਵਿੱਚ ਪਹਿਲਾਂ – ਪਹਿਲਾਂ ਕਸਰ ਵੀ ਖਾਣੀ ਪੈਂਦੀ ਹੈ।

7. ਕਸਰਾਂ ਕੱਢਣੀਆਂ (ਬਦਲਾ ਲੈਣਾ) : ਅਖੀਰ, ਦੌੜ ਵਿੱਚ ਪਹਿਲੇ ਨੰਬਰ ਤੇ ਆ ਕੇ ਯਮਨ ਨੇ ਸਾਰੀਆਂ ਪਿਛਲੀਆਂ ਕਸਰਾਂ ਕੱਢ ਦਿੱਤੀਆਂ।

8. ਕੱਖ ਭੰਨ ਕੇ ਦੁਹਰਾ ਨਾ ਕਰਨਾ (ਉੱਕਾ ਹੀ ਕੋਈ ਕੰਮ ਨਾ ਕਰਨਾ) : ਜਿਹੜੇ ਬੰਦੇ ਕੱਖ ਭੰਨ ਕੇ ਦੁਹਰਾ ਨਹੀਂ ਕਰਦੇ ਉਹਨਾਂ ਨੂੰ ਬੁਢਾਪੇ ਵਿੱਚ ਬਹੁਤ ਤਕਲੀਫ ਹੁੰਦੀ ਹੈ।

9. ਕੱਖਾਂ ਤੋਂ ਹੌਲੇ ਹੋਣਾ (ਬੇਕਦਰਾਂ ਹੋ ਜਾਣਾ) : ਕੱਖਾਂ ਤੋਂ ਹੌਲੇ ਹੋਣ ਨਾਲੋਂ ਚੰਗਾ ਹੈ ਸੱਭ ਨਾਲ ਸਿੱਧੇ ਮੂੰਹ ਗੱਲ ਕਰੋ।

10. ਕੱਚਾ ਕਰਨਾ (ਸ਼ਰਮਿੰਦਾ ਕਰਨਾ) : ਚੋਰੀ ਕਰਦੇ ਫੜੇ ਜਾਣ ਤੇ ਸਰਪੰਚ ਨੇ ਕਾਕੇ ਨੂੰ ਸਾਰਿਆਂ ਸਾਹਮਣੇ ਬਹੁਤ ਕੱਚਾ ਕੀਤਾ।

11. ਕੱਚੇ ਘੜੇ ਪਾਣੀ ਭਰਨਾ (ਕਠਿਨ ਕੰਮ ਕਰਨਾ) : ਐਵਰੈਸਟ ਦੀ ਚੜ੍ਹਾਈ ਚੜ੍ਹਨਾ ਕੱਚੇ ਘੜੇ ਪਾਣੀ ਭਰਨ ਦੇ ਬਰਾਬਰ ਹੈ।

12. ਕਬਰ ਵਿਚ ਪੈਰ ਹੋਣੇ (ਬਹੁਤ ਬੁੱਢਾ ਹੋ ਜਾਣਾ) : ਕਈ ਬੰਦਿਆਂ ਦੇ ਪੈਰ ਤਾਂ ਕਬਰ ਵਿੱਚ ਹੁੰਦੇ ਨੇ ਪਰ ਆਸ਼ਕੀ ਦਾ ਭੂਤ ਨਹੀਂ ਉੱਤਰਦਾ।

13. ਕਰਨੀ ਭਰਨੀ (ਕੀਤਾ ਭੋਗਣਾ) : ਕਰਨੀ ਦੀ ਭਰਨੀ ਤਾਂ ਜਿਉਂਦੇ ਜੀਅ ਭੁਗਤਣੀ ਪੈਂਦੀ ਹੈ।

14. ਕਲਮ ਫੇਰਨੀ (ਪਹਿਲੀ ਲਿਖਤ ਰੱਦਣੀ) : ਅੱਜ ਕੱਲ ਤਾਂ ਸਰਕਾਰਾਂ ਦਾ ਕੰਮ ਹੀ ਕਲਮ ਫੇਰਨੀ ਹੈ।

15. ਕਿਨਾਰਾ ਕਰਨਾ (ਵੱਖ ਹੋ ਜਾਣਾ) : ਬੁਢਾਪੇ ਵਿੱਚ ਮਾਪਿਆਂ ਤੋਂ ਕਿਨਾਰਾ ਕਰਨਾ ਸਹੀ ਨਹੀਂ ਗੱਲ ਨਹੀਂ।

16. ਕੁੱਛੜ ਬਹਿ ਕੇ ਦਾਹੜੀ ਖੋਹਣੀ (ਆਪਣਾ ਹੋ ਕੇ ਬੇਇੱਜ਼ਤੀ ਕਰਨੀ) : ਜਿਹੜੇ ਲੋਕ ਹਮੇਸ਼ਾ ਦੂਜਿਆਂ ਦੇ ਘਰਾਂ ਦੀਆਂ ਗੱਲਾਂ ਤੁਹਾਨੂੰ ਦੱਸਦੇ ਰਹਿੰਦੇ ਨੇ ਉਹ ਤੁਹਾਡੀ ਵੀ ਕੁੱਛੜ ਬਹਿ ਕੇ ਦਾਹੜੀ ਜ਼ਰੂਰ ਖੋਹਣਗੇ।

17. ਕੁੱਤੇ ਦੀ ਮੌਤ ਮਰਨਾ (ਭੈੜੀ ਮੌਤੇ ਮਰਨਾ) : ਗਰੀਬਾਂ ਨੂੰ ਤੰਗ ਕਰਨ ਵਾਲਾ ਕੁੱਤੇ ਦੀ ਮੌਤ ਮਾਰਦਾ ਹੈ।

18. ਕੁੱਤੇ ਦੇ ਠੀਕਰੇ ਪਾਣੀ ਪਿਆਉਣਾ (ਭੈੜਾ ਵਰਤਾਓ ਕਰਨਾ) : ਜੱਦ ਪੰਜ ਸਾਲ ਬਾਅਦ ਐੱਮ.ਐੱਲ.ਏ. ਉਹਨਾਂ ਦੇ ਪਿੰਡ ਆਇਆ ਤਾਂ ਉਹਨਾਂ ਨੇ ਉਸਨੂੰ ਕੁੱਤੇ ਦੇ ਠੀਕਰੇ ਪਾਣੀ ਪਿਲਾਇਆ।

19. ਕੁਫ਼ਰ ਤੋਲਣਾ (ਝੂਠ ਬੋਲਣਾ) : ਹਮੇਸ਼ਾ ਕੁਫ਼ਰ ਤੋਲਣ ਵਾਲੇ ਦਾ ਕਦੇ ਤਾਂ ਪਤਾ ਲੱਗ ਹੀ ਜਾਂਦਾ ਹੈ।

20. ਕੌਲ ਹਾਰਨਾ (ਵਾਅਦੇ ਤੋਂ ਮੁੱਕਰ ਜਾਣਾ) : ਵਾਰ – ਵਾਰ ਕੌਲ ਹਾਰਨ ਵਾਲੇ ਤੋਂ ਦੂਰੀ ਹੀ ਥੀਕ।

21. ਕੌਲ ਦੇਣਾ (ਵਾਅਦਾ ਕਰਨਾ) : ਕਿਸੇ ਨੂੰ ਕੌਲ ਦੇਣ ਤੋਂ ਪਹਿਲਾਂ ਪੂਰਾ ਕਰਣ ਦਾ ਵੀ ਹੌਂਸਲਾ ਰੱਖਣਾ ਚਾਹੀਦਾ ਹੈ।

22. ਕੌੜੀ ਵੇਲ ਵਾਂਗ ਵਧਣਾ (ਬਹੁਤ ਤਰੱਕੀ ਕਰਨਾ) : ਰਾਜਨੀਤੀ ਵਿੱਚ ਜੇ ਸਿਤਾਰੇ ਚਮਕ ਗਏ ਤਾਂ ਹਰ ਕੋਈ ਕੌੜੀ ਵੇਲ ਵਾਂਗੂ ਵੱਧਦਾ ਹੈ।

23. ਕੌੜੇ ਘੁੱਟ ਭਰਨੇ (ਕਠਿਨ ਕੰਮ ਸਬਰ ਨਾਲ ਕਰਨਾ) : ਕਈ ਵਾਰ ਗਰੀਬੀ ਕਾਰਣ ਕੌੜੇ ਘੁੱਟ ਭਰ ਕੇ ਗੁਜ਼ਾਰਾ ਕਰਨਾ ਪੈਂਦਾ ਹੈ।

24. ਕੰਨ ਖਾਣੇ (ਬਹੁਤ ਰੌਲਾ ਪਾਉਣਾ) : ਕੋਈ ਮਹਿਮਾਨ ਆ ਜਾਏ, ਬੱਸ! ਬੱਚੇ ਤਾਂ ਕੰਨ ਖਾ ਲੈਂਦੇ ਨੇ।

25. ਕੰਨ ਖਿੱਚਣੇ (ਤਾੜਨਾ, ਸਮਝਾਉਣਾ, ਸਜ਼ਾ ਦੇਣੀ) : ਛੋਟੀ ਉਮਰ ਵਿੱਚ ਕੰਨ ਖਿੱਚਣ ਨਾਲ ਬੱਚੇ ਸਮਝਦਾਰ ਹੋ ਸਕਦੇ ਨੇ।

26. ਕੰਨ ਘੇਸਲ ਮਾਰਨਾ (ਸੁਣੀ ਅਣਸੁਣੀ ਕਰ ਦੇਣੀ) : ਕੰਨ ਘੇਸਲ ਕਰਨਾ ਬੱਚਿਆਂ ਦੀ ਆਦਤ ਹੁੰਦੀ ਹੈ।

27. ਕੰਨ ਤੇ ਜੂੰ ਨਾ ਸਰਕਣੀ (ਜ਼ਰਾ ਜਿੰਨਾ ਵੀ ਧਿਆਨ ਨਾ ਦੇਣਾ) : ਯਮਨ ਨੂੰ ਬਹੁਤ ਵਾਰ ਕਿਹਾ ਕਿ ਕੂਕੀ ਨੂੰ ਸਾਇਕਲ ਤੇ ਨਾ ਬਿਠਾ ਪਰ ਉਸਦੇ ਕੰਨ ਤੇ ਜੂੰ ਨਹੀਂ ਸਰਕਦੀ।

28. ਕੰਨ ਦੇਣਾ (ਧਿਆਨ ਦੇਣਾ, ਧਿਆਨ ਨਾਲ ਸੁਣਨਾ) : ਮਾਪਿਆਂ ਨੂੰ ਬੱਚਿਆਂ ਦੀਆਂ ਸਾਰੀਆਂ ਗੱਲਾਂ ਵੱਲ ਕੰਨ ਦੇਣੇ ਚਾਹੀਦੇ ਨੇ।

29. ਕੰਨਾਂ ਨੂੰ ਹੱਥ ਲਾਉਣਾ (ਤੌਬਾ ਕਰਨੀ) : ਇਕੱਲਾ ਕੰਨਾਂ ਨੂੰ ਹੱਥ ਲਗਾਉਣ ਨਾਲ ਕੋਈ ਫਰਕ ਨਹੀਂ ਪੈਣਾ, ਅੱਗੇ ਤੋਂ ਵੀ ਧਿਆਨ ਰੱਖਣਾ ਪਵੇਗਾ ਕਿ ਕਿਸੇ ਨੂੰ ਧੋਖਾ ਨਾ ਦਿੱਤਾ ਜਾਵੇ।

30. ਕੰਨ ਭਰਨੇ (ਚੁਗਲੀਆਂ ਕਰਨੀਆਂ, ਚੁੱਕਾਂ ਦੇਣੀਆਂ) : ਜਿਹੜੇ ਦੂਜਿਆਂ ਦੇ ਤੁਹਾਡੇ ਕੋਲ ਕੰਨ ਭਰਦੇ ਨੇ ਉਹ ਪੱਕਾ ਤੁਹਾਡੇ ਵੀ ਦੂਜਿਆਂ ਕੋਲ ਕੰਨ ਭਰਦੇ ਹੁੰਦੇ ਨੇ।

Loading Likes...

Leave a Reply

Your email address will not be published. Required fields are marked *