ਲੋਕ ਗੀਤ ਕੀ ਹੁੰਦੇ ਹਨ ?

ਲੋਕ ਗੀਤ ਕੀ ਹੁੰਦੇ ਹਨ ? :

ਲੋਕ ਗੀਤ ਲੋਕ ਕਾਵਿ ਦੀ ਇੱਕ ਮਹੱਤਵਪੂਰਨ ਵੰਨਗੀ ਹੈ।
ਲੋਕ ਗੀਤ ਪੰਜਾਬ ਦੀ ਆਤਮਾ ਦੀ ਆਵਾਜ਼ ਹਨ। ਇਹ ਪੰਜਾਬੀਆਂ ਦੇ ਰੰਗੀਲੇ ਜੀਵਨ ਦੀ ਮੂੰਹ ਬੋਲਦੀ ਤਸਵੀਰ ਹਨ। ਪੰਜਾਬੀ ਮੁਟਿਆਰਾਂ ਅਤੇ ਨੌਜਵਾਨਾਂ ਨੇ ਇਸ ਦੇ ਖ਼ਜ਼ਾਨੇ ਨੂੰ ਆਪਣੇ ਪਿਆਰ ਨਾਲ ਭਰਪੂਰ ਕੀਤਾ ਹੈ। ਇਹ ਲੋਕਾਂ ਦੁਆਰਾ ਗਾਏ ਅਤੇ ਰਚੇ ਗਏ ਹਨ। ਇਹਨਾਂ ਦਾ ਕਰਤਾ ਕੋਈ ਵਿਸ਼ੇਸ਼ ਵਿਅਕਤੀ ਨਹੀਂ ਹੁੰਦਾ। ਇਹ ਪੀੜ੍ਹੀਓ ਪੀੜ੍ਹੀ ਤੁਰਿਆ ਆ ਰਿਹਾ ਸਾਹਿਤ ਹੈ ਜਿਸ ਵਿੱਚ ਲੋਕਾਂ ਦੇ ਦਿਲੀ ਜਜ਼ਬਿਆਂ ਦਾ ਪ੍ਰਗਟਾਅ ਹੁੰਦਾ ਹੈ। ਇਹਨਾਂ ਵਿੱਚ ਸਦੀਆਂ ਦੀ ਪਰੰਪਰਾ ਵਿਦਮਾਨ ਹੁੰਦੀ ਹੈ। ਦੁੱਖ-ਸੁੱਖ ਦੇ ਸੰਗੀਤਕ ਪ੍ਰਗਟਾਵੇ ਨੂੰ ਲੋਕ ਗੀਤ ਦਾ ਨਾਂ ਦਿੱਤਾ ਹੈ।

ਲੋਕ ਗੀਤਾਂ ਦੀਆਂ ਵਿਸ਼ੇਸ਼ਤਾਵਾਂ :

ਲੋਕਾਂ ਦੇ ਦਿਲਾਂ ਵਿੱਚ ਲੋਕ ਗੀਤਾਂ ਲਈ ਬਹੁਤ ਪਿਆਰ ਹੈ। ਅਜੇਹਾ ਇਸ ਕਾਰਨ ਹੈ ਕਿ ਇਹਨਾਂ ਦੇ ਕੁੱਝ ਵਿਸ਼ੇਸ਼ ਲੱਛਣ ਜਾਂ ਵਿਲੱਖਣਤਾਵਾਂ ਹੈ।

1. ਮੌਖਿਕਤਾ –

ਲੋਕ ਗੀਤਾਂ ਦਾ ਸੰਚਾਰ ਮੌਖਿਕ ਰੂਪ ਵਿੱਚ ਹੀ ਕੀਤਾ ਜਾਂਦਾ ਹੈ। ਇਹ ਪੀੜ੍ਹਿਓ ਪੀੜ੍ਹੀ ਚਲੇ ਆ ਰਹੇ ਹਨ। ਨਵੀਂ ਪੀੜ੍ਹੀ ਆਪਣੇ ਬਜ਼ੁਰਗਾਂ ਪਾਸੋਂ ਮੌਖਿਕ ਰੂਪ ਵਿੱਚ ਗ੍ਰਹਿਣ ਕਰਕੇ ਫਿਰ ਆਪ ਤੋਂ ਪਿੱਛੋਂ ਆਉਣ ਵਾਲੀ ਪੀੜ੍ਹੀ ਨੂੰ ਇਸ ਦਾ ਮੌਖਿਕ ਰੂਪ ਦੱਸਦੀ ਹੈ। ਮੌਖਿਕ ਰੂਪ ਨੂੰ ਲਿੱਪੀ ਵਿੱਚ ਕਰਨ ਦਾ ਇੱਕ ਇਹ ਲਾਭ ਹੋਵੇਗਾ ਕਿ ਇਹ ਸਹੀ ਰੂਪ ਵਿੱਚ ਸੰਭਾਲੇ ਜਾਣਗੇ। ਅਜੋਕੇ ਸਮਾਜ ਦਾ ਸ਼ਹਿਰੀਕਰਨ ਹੋਣ ਕਾਰਨ ਇਹ ਰੂਪ ਅਲੋਪ ਹੋ ਰਿਹਾ ਹੈ। ਇਸ ਤਰ੍ਹਾਂ ਇਹ ਸਾਡਾ ਅਮੀਰ ਵਿਰਸਾ ਸੁਰੱਖਿਅਤ ਹੋ ਜਾਵੇਗਾ।

2. ਸੰਗੀਤਕ ਰੂਪ –

ਗੀਤ ਵਿਚਲਾ ਸੰਗੀਤਕ ਰੂਪ ਹੀ ਸਰੋਤੇ ਪਾਠਕ ਨੂੰ ਪ੍ਰਭਾਵਿਤ ਕਰਦੀ ਹੈ।

3. ਭਾਸ਼ਾ –

ਲੋਕ ਗੀਤ ਲੋਕ ਬੋਲੀ ਵਿੱਚ ਲਿਖੇ ਜਾਂਦੇ ਹਨ। ਇਸੇ ਕਾਰਨ ਇਹਨਾਂ ਦੀ ਬੋਲੀ ਮਿੱਠੀ ਤੇ ਸਰਲ ਹੁੰਦੀ ਹੈ। ਹਰ ਇਲਾਕੇ ਦੀ ਆਪਣੀ ਭਾਸ਼ਾ ਹੁੰਦੀ ਹੈ। ਇਸੇ ਕਾਰਨ ਇਹਨਾਂ ਗੀਤਾਂ ਵਿੱਚ ਆਪਣੇ ਇਲਾਕੇ ਦੀ ਬੋਲੀ ਦੀ ਮੋਹਰ ਛਾਪ ਲੱਗੀ ਹੁੰਦੀ ਹੈ। ਪਰ ਇਹਨਾਂ ਦਾ ਸਮੁਚਾ ਪ੍ਰਭਾਵ ਓਹੀ ਰਹਿੰਦਾ ਹੈ।

4. ਨਵੀਨਤਾ ਤੇ ਤਾਜ਼ਗੀ –

ਲੋਕ ਗੀਤ ਕਦੇ ਪੁਰਾਣੇ ਨਹੀਂ ਹੁੰਦੇ। ਉਹਨਾਂ ਵਿਚੋਂ ਹਮੇਸ਼ਾ ਤਾਜ਼ੇ ਫੁੱਲਾਂ ਦੀ ਸੁਗੰਧ ਆਉਂਦੀ ਹੈ। ਪਰੰਪਰਾ ਦੀ ਧਾਰਾ ਵਿੱਚ ਵਗਦੇ ਲੋਕ ਗੀਤ ਸਦਾ ਨਰੋਏ ਤੇ ਨਵੇਂ ਰਹਿੰਦੇ ਹਨ।

5. ਲੋਕ ਵਲੋਂ ਪ੍ਰਵਾਨਗੀ –

ਲੋਕ ਗੀਤਾਂ ਦੇ ਰਚਨਹਾਰੇ ਅਗਿਆਤ ਹੁੰਦੇ ਹਨ, ਪਰ ਕਿਸੇ ਸਮੇਂ ਕਿਸੇ ਵਿਅਕਤੀ ਨੇ ਇਹਨਾਂ ਦੀ ਰਚਨਾ ਸਹਿਜ ਸੁਭਾਅ ਕੀਤੀ ਹੁੰਦੀ ਹੈ ਜਿਸ ਵਿੱਚ ਕਾਵਿ ਅਨੁਭਵ ਤੇ ਕਲਾ ਦੀ ਹੁੰਦੀ ਹੈ, ਪਰ ਇਹ ਰਚਨਾ ਮੂੰਹੋਂ ਮੂਹੀਂ ਤੁਰਦੀ ਲੰਮੇ ਪੈਡੇ ਮਾਰਦੀ, ਰੂਪ ਵਟਾਂਦੀ ਰਹਿੰਦੀ ਹੈ।

6. ਸਮਾਜ ਦਾ ਚਿੱਤਰ-

ਪੰਜਾਬੀ ਲੋਕ ਗੀਤਾਂ ਦੀ ਇੱਕ ਵਿਸ਼ੇਸ਼ਤਾਂ ਇਹ ਵੀ ਹੈ ਕਿ ਇਹ ਸਾਡੇ ਸਾਰੇ ਸਮਾਜ ਦਾ ਚਿੱਤਰ ਪੇਸ਼ ਕਰਦੇ ਹਨ। ਇਹ ਸਮਾਜਿਕ ਜੀਵਨ ਦੀ ਪੂਰੀ ਝਲਕ ਪੇਸ਼ ਕਰਦੇ ਹਨ। ਇਹਨਾਂ ਵਿੱਚ ਲੋਕਾਂ ਦੀ ਰਹਿਣੀ – ਬਹਿਣੀ, ਕਾਰ ਵਿਹਾਰ, ਰੀਤੀ ਰਿਵਾਜ਼ ਅਤੇ ਵਿਸ਼ਵਾਸ਼ਾਂ ਦਾ ਪਤਾ ਲਗਦਾ ਹੈ। ਇਹਨਾਂ ਗੀਤਾਂ ਵਿਚੋਂ ਅਸੀਂ ਆਪਣੇ ਵਿਰਸੇ ਦੀ ਪਛਾਣ ਕਰ ਸਕਦੇ ਹਾਂ।

7. ਸਾਹਿਤ ਦੇ ਜਨਮ ਦਾਤਾ –

ਲੋਕ ਗੀਤ ਸਾਹਿਤ ਦੇ ਕਾਵਿ ਰੂਪਾਂ ਦੇ ਜਨਮ ਦਾਤਾ ਹਨ। ਸਾਡੇ ਬਹੁਤ ਸਾਰੇ ਕਵੀਆਂ ਨੇ ਲੋਕ ਗੀਤਾਂ ਦੇ ਵਿਸ਼ੇ ਅਤੇ ਰੂਪਾਂ ਨੂੰ ਅਪਣਾਇਆ ਹੈ ਅਤੇ ਆਪਣੀ ਵਿਅਕਤੀਗਤ ਸੋਚ ਅਨੁਸਾਰ ਉਹਨਾਂ ਨੂੰ ਨਵਾਂ ਰੂਪ ਦਿੱਤਾ ਹੈ।

8. ਵਿਸ਼ਾਲ ਖੇਤਰ –

ਲੋਕ ਗੀਤਾਂ ਦਾ ਘੇਰਾ ਬਹੁਤ ਵੱਡਾ ਹੈ।ਜਨਮ ਤੋਂ ਲੈ ਕੇ ਮਰਨ ਤੱਕ ਮਨੁੱਖੀ ਜੀਵਨ ਦਾ ਕੋਈ ਵੀ ਹਿੱਸਾ ਅਜਿਹਾ ਨਹੀਂ, ਜਿਸ ਬਾਰੇ ਲੋਕ ਗੀਤ ਨਾ ਮਿਲਦੇ ਹੋਣ। ਪੰਜਾਬੀ ਲੋਕ ਗੀਤ ਸਾਡੀ ਜਿੰਦਗੀ ਦੇ ਪੂਰੇ ਚੱਕਰ ਨੂੰ ਇਕ ਰੂਪ ਦਿੰਦੇ ਹਨ। ਇਹਨਾਂ ਵਿੱਚ ਜੰਮਣ ਵੇਲੇ ਦੀਆਂ ਲੋਰੀਆਂ ਤੇ ਬਾਲ ਖੇਡਾਂ ਤੋਂ ਲੈ ਕੇ ਪੇਕੇ ਸਹੁਰੇ, ਵਿਆਹ, ਮੁਕਲਾਵੇ, ਮਿਲਾਪ, ਵਿਛੋੜੇ, ਰੁੱਤਾਂ, ਤਿਉਹਾਰ, ਮੇਲੇ ਅਤੇ ਮੌਤ ਸਮੇਂ ਪਾਏ ਜਾਣ ਵਾਲੇ ਵੈਣ, ਕੀਰਨੇ ਤੱਕ ਮਿਲਦੇ ਹਨ।

9. ਲੋਕ ਸਮੂਹ ਦਾ ਪ੍ਰਗਟਾਵਾ –

ਲੋਕ ਗੀਤਾਂ ਵਿੱਚ ਲੋਕਾਂ ਦੇ ਮਨਾਂ ਦਾ ਪ੍ਰਗਟਾਵਾ ਹੁੰਦਾ ਹੈ ਇਹ ਲੋਕ ਮਨ ਦੀ ਨਬਜ਼ ਨਾੜੀ ਹੁੰਦੇ ਹਨ। ਜਿਸ ਤੋਂ ਜਾਤੀ ਦੇ ਅੰਦਰ ਦਾ ਹਰ ਦੁੱਖ, ਪੀੜ ਤੇ ਭਾਵਨਾ ਦਾ ਪਤਾ ਲਗਦਾ ਹੈ।

10. ਵਿਚਾਰਾਂ ਦੀ ਸਾਦਗੀ :

ਪੰਜਾਬੀ ਲੋਕ ਗੀਤਾਂ ਵਿੱਚ ਬਹੁਤ ਵੰਨ ਸੁਵੰਨਤਾ ਹੈ। ਇਹਨਾਂ ਦਾ ਭੰਡਾਰ ਬਹੁਤ ਵਿਸ਼ਾਲ ਹੈ। ਮਿਸਾਲ ਵਜੋਂ ਘੋੜੀਆਂ, ਸੁਹਾਗ, ਸੌਹਿਲੇ, ਸਿੱਠਣੀਆਂ, ਛੰਦ, ਵਾਰ, ਵੈਣ, ਪਹਿਰੇ, ਢੋਲਾ, ਬੋਲੀਆਂ, ਮਾਹੀਆ, ਕਿੱਕਲੀ, ਆਰਤੀ, ਆਦਿ। ਪੰਜਾਬੀ ਲੋਕ ਗੀਤਾਂ ਵਿਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਿੱਚ ਵਿਚਾਰਾਂ ਦੀ ਸਾਦਗੀ ਹੁੰਦੀ ਹੈ।

Loading Likes...

Leave a Reply

Your email address will not be published. Required fields are marked *