ਇਸ਼ਕ ਅਸਾਂ ਨਾਲ ਕੇਹੀ ਕੀਤੀ
ਇਸ਼ਕ ਅਸਾਂ ਨਾਲ ਕੇਹੀ ਕੀਤੀ, ਲੋਕ ਮਰੇਂਦੇ ਤਾਨ੍ਹੇ।
ਮਿਤ੍ਰ ਪਿਆਰੇ ਦੇ ਕਾਰਨ ਨੀ ਮੈਂ ਲੋਕ ਉਲ੍ਹਾਮੇਂ ਸਹਿਨੀ ਹਾਂ।
ਮੈਨੂੰ ਛੱਡ ਗਏ ਆਪ ਲੱਦ ਗਏ, ਮੈਂ ਵਿਚ ਕੀ ਤਕਸੀਰ
ਰਾਤੀਂ ਨੀਂਦ ਨ ਦਿਨੇ ਭੁੱਖ, ਅੱਖੀਂ ਪਲਟਿਆ ਨੀਰ।
ਛਹਵੀਆਂ ਤੇ ਤਲਵਾਰਾਂ ਕੋਲੋਂ, ਇਸ਼ਕ ਦੇ ਤਿੱਖੇ ਤੀਰ।
ਇਸ਼ਕ ਜੇਡ ਨਾ ਜ਼ਾਲਮ ਕੋਈ, ਇਹ ਜ਼ਹਿਮਤ ਬੇਪੀਰ।
ਇਕ ਪਲ ਸਾਇਤ ਆਰਾਮ ਨਾ ਆਵੇ, ਬੁਰੀ ਬ੍ਰਿਹੋਂ ਦੀ ਪੀੜ।
ਬੁੱਲ੍ਹਾ ਸ਼ਹੁ ਜੇ ਕਰੇ ਇਨਾਇਤ, ਦੁੱਖ ਹੋਵਣ ਤਗ਼ਈਰ।
ਮੈਨੂੰ ਛੱਡ ਗਏ ਆਪ ਲੱਦ ਗਏ, ਮੈਂ ਵਿਚ ਕੀ ਤਕਸੀਰ।
ਸਾਈਂ ਬੁੱਲੇ ਸ਼ਾਹ
Loading Likes...