ਮਾਤਭਾਸ਼ਾ ਦੀ ਜਗ੍ਹਾ ਕੋਈ ਹੋਰ ਭਾਸ਼ਾ ਨਹੀਂ :
ਪੂਰੀ ਦੁਨੀਆਂ ਦੇ ਮਾਹਿਰਾਂ ਦਾ ਵਿਚਾਰ ਹੈ ਕਿ ਬੱਚੇ ਦਾ ਵਧੇਰੇ ਮੁੱਢਲਾ ਵਿਕਾਸ ਅਤੇ ਸਿੱਖਣ ਦੀ ਪ੍ਰਵਿਰਤੀ ਉਸ ਦੇ ਘਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਵਿਚ ਵਧਦੀ ਹੈ, ਨਹੀਂ ਤਾਂ ਉਸ ਦਾ ਬਹੁਤ ਸਮਾਂ ਮਾਤਭਾਸ਼ਾ ਅਤੇ ਸਿੱਖਿਆ ਦੀ ਭਾਸ਼ਾ ਵਿਚ ਫਰਕ ਨੂੰ ਸਮਝਣ ‘ਚ ਹੀ ਲੰਘ ਜਾਂਦਾ ਹੈ। ਮਹਾਤਮਾ ਗਾਂਧੀ ਜੀ ਦਾ ਵੀ ਇਹੀ ਮੰਨਣਾ ਸੀ ਕਿ ਮਾਤਭਾਸ਼ਾ ਦਾ ਸਥਾਨ ਕੋਈ ਹੋਰ ਭਾਸ਼ਾ ਨਹੀਂ ਲੈ ਸਕਦੀ।
ਆਪਣੀ ਮਾਤਭਾਸ਼ਾ ਵਿਚ ਸਿੱਖਿਆ ਨਾ ਲੈਣ ਬੱਚੇ ਨੂੰ ਉਸਦੇ ਜਨਮ ਸਿੱਧ ਅਧਿਕਾਰ ਤੋਂ ਵਾਂਝੇ ਕਰਦਾ ਹੈ। ਮਾਤ ਭਾਸ਼ਾ ਵਿਚ ਸਿੱਖਿਆ ਨਾ ਲੈਣਾ ਮੌਲਿਕਤਾ ਨੂੰ ਤਬਾਹ ਕਰ ਦਿੰਦਾ ਹੈ। ਉਨ੍ਹਾਂ ਦਾ ਸਾਰਾ ਵਿਕਾਸ ਰੁਕ ਜਾਂਦਾ ਹੈ।
ਸਮਾਜਿਕ ਅਤੇ ਭਾਸ਼ਾਈ ਪਛਾਣ :
ਦਰਅਸਲ ਮਾਤਭਾਸ਼ਾ ਹੀ ਵਿਅਕਤੀ ਦੀ ਸਮਾਜਿਕ ਅਤੇ ਭਾਸ਼ਾਈ ਪਛਾਣ ਹੁੰਦੀ ਹੈ। ਕੁਝ ਸੋਧਾਂ ਵਿਚ ਸਾਹਮਣੇ ਆਇਆ ਹੈ ਕਿ ਪ੍ਰਾਇਮਰੀ ਸਿੱਖਿਆ ਦਾ ਮਾਧਿਅਮ ਮਾਤਭਾਸ਼ਾ ਹੀ ਹੋਣਾ ਚਾਹੀਦਾ ਹੈ।
ਹੁਣ ਚਰਚਾ ਦਾ ਵਿਸ਼ਾ ਬਣਦਾ ਹੈ ਕਿ ਸਾਡੇ ਦੇਸ਼ ਵਿੱਚ ਪ੍ਰਾਇਮਰੀ ਸਿੱਖਿਆ ਦਾ ਮਾਧਿਅਮ ਕੀ ਹੈ ਅਤੇ ਮਾਤਭਾਸ਼ਾ ਨੂੰ ਹੀ ਮਾਧਿਅਮ ਕਿਉਂ ਬਣਾਇਆ ਜਾਵੇ।
ਮਾਤਭਾਸ਼ਾ ਤੋਂ ਬਿਨਾਂ ਸੱਭਿਆਚਾਰ ਦੀ ਕਲਪਨਾ ਨਾਂਹ ਬਰਾਬਰ :
ਮਾਤਭਾਸ਼ਾ ਦੇ ਬਿਨਾਂ ਕਿਸੇ ਵੀ ਦੇਸ਼ ਦੇ ਸੱਭਿਆਚਾਰ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ।
ਮਾਤਭਾਸ਼ਾ ਸਾਨੂੰ ਆਪਸ ਵਿਚ ਜੋੜਦੀ ਹੈ।
ਮਾਤਭਾਸ਼ਾ ਆਤਮਾ ਦੀ ਆਵਾਜ਼ ਹੈ। ਮਾਂ ਦੀ ਗੋਦ ਵਿਚ ਪੈਦਾ ਹੋਈ ਇਹ ਭਾਸ਼ਾ ਬੱਚੇ ਦੇ ਮਾਨਸਿਕ ਵਿਕਾਸ ਨੂੰ ਪਹਿਲਾ ਸ਼ਬਦ ਸੰਚਾਰ ਦਿੰਦੀ ਹੈ।
ਮਾਤਭਾਸ਼ਾ ਨਾਲ ਹੀ ਇਸ ਰਾਹੀਂ ਮਨੁੱਖ ਸੋਚਦਾ ਹੈ, ਸਮਝਦਾ ਹੈ ਅਤੇ ਵਿਹਾਰ ਕਰਦਾ ਹੈ। ਮਾਤ ਭਾਸ਼ਾ ਵਿਚ ਪ੍ਰਾਇਮਰੀ ਸਿੱਖਿਆ ਵੀ ਬੱਚੇ ਦਾ ਸੁਭਾਵਿਕ ਅਧਿਕਾਰ ਹੈ। ਜਿੱਥੇ ਬੱਚੇ ਦਾ ਬਚਪਨ ਬਤੀਤ ਹੁੰਦਾ ਹੈ, ਜਿਸ ਵਾਤਾਵਰਣ ‘ਚ ਉਹ ਬਣਦਾ ਹੈ, ਜਿੱਥੇ ਉਸਦਾ ਵਿਕਾਸ ਹੋ ਰਿਹਾ ਹੈ, ਉਸ ਮਹੱਤਵਪੂਰਨ ਪਹਿਲੂ ਦੀ ਅਣਦੇਖੀ ਕਰਨੀ ਸਾਡੀ ਬੇਵਕੂਫੀ ਹੋਵੇਗੀ।
ਸੰਵਿਧਾਨਿਕ ਅਧਿਕਾਰ, ਸਿੱਖਿਆ :
ਸਿੱਖਿਆ ਦਾ ਅਧਿਕਾਰ ਬੱਚੇ ਦਾ ਸੰਵਿਧਾਨਿਕ ਅਧਿਕਾਰ ਹੈ, ਤੇ ਇਹ ਅਧਿਕਾਰ ਆਪਣੇ ਆਪ ਮਾਤਭਾਸ਼ਾ ਨਾਲ ਜੁੜ ਜਾਂਦਾ ਹੈ। ਬੱਚੇ ਨੂੰ ਆਪਣੀ ਭਾਸ਼ਾ ਵਿਚ ਸਿੱਖਿਆ ਹਾਸਲ ਕਰਨ ਦਾ ਅਧਿਕਾਰ ਹੈ, ਉਸ ‘ਤੇ ਜਬਰੀ ਦੂਜੀ ਭਾਸ਼ਾ ਥੋਪਣੀ ਉਸ ਦੇ ਕੁਦਰਤੀ ਵਿਕਾਸ ਨੂੰ ਰੋਕਣਾ ਹੈ।
ਮਾਤਭਾਸ਼ਾ ਸਿੱਖਣੀ, ਸਮਝਣੀ ਤੇ ਇਸ ਵਿਚ ਗਿਆਨ ਹਾਸਲ ਕਰਨਾ ਬਹੁਤ ਸੌਖਾ ਹੁੰਦਾ ਹੈ।
ਸਾਬਕਾ ਰਾਸ਼ਟਰਪਤੀ ਡਾ. ਅਬਦੁਲ ਕਲਾਮ ਨੇ ਆਪਣੇ ਖੁਦ ਦੇ ਤਜਰਬੇ ਦੇ ਆਧਾਰ ਤੇ ਕਿਹਾ ਕਿ ਮੈਂ ਇਕ ਚੰਗਾ ਵਿਗਿਆਨੀ ਇਸ ਲਈ ਬਣਿਆ ਕਿਉਂਕਿ ਮੈਂ ਆਪਣੀ ਮਾਤਭਾਸ਼ਾ ਵਿਚ ਗਣਿਤ ਅਤੇ ਵਿਗਿਆਨ ਦੀ ਪ੍ਰੀਖਿਆ ਪਾਸ ਕੀਤੀ।
ਬਹੁਤੇ ਬੱਚਿਆਂ ਦੇ ਸਕੂਲ ਛੱਡਣ ਦੇ ਕਾਰਣ :
ਵਿਸ਼ਵ ਕਵੀ ਰਬਿੰਦਰਨਾਥ ਟੈਗੋਰ ਨੇ ਕਿਹਾ ਹੈ ਕਿ ਜੇਕਰ ਵਿਗਿਆਨ ਨੂੰ ਜਨ – ਜਨ ਤੱਕ ਪਹੁੰਚਾਉਣਾ ਹੈ ਤਾਂ ਇਸ ਨੂੰ ਮਾਤਭਾਸ਼ਾ ਰਾਹੀਂ ਪੜ੍ਹਾਇਆ ਜਾਣਾ ਚਾਹੀਦਾ ਹੈ। ਸਿੱਖਿਆ ਦਾ ਮਾਧਿਅਮ ਘਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨਾ ਹੋਣ ਕਰਕੇ ਬਹੁਤੇ ਬੱਚੇ ਸਕੂਲ ਛੱਡ ਜਾਂਦੇ ਹਨ।
ਤੱਥ ਮੰਦਭਾਗੇ ਅਤੇ ਚਿੰਤਾਜਨਕ :
ਭਾਰਤੀ ਸਿੱਖਿਆ ਨੂੰ ਦੇਖਦੇ ਹਾਂ ਤਾਂ ਤੱਥ ਮੰਦਭਾਗੇ ਅਤੇ ਚਿੰਤਾਜਨਕ ਹਨ। ਮੁੱਢਲੇ ਪੱਧਰ ਤੇ ਹੀ ਬੱਚਿਆਂ ਨੂੰ ਮਾਤਭਾਸ਼ਾ ਤੋਂ ਦੂਰ ਰੱਖਣ ਦੀ ਹੋੜ ਸ਼ੁਰੂ ਹੋ ਗਈ ਹੈ। ਜਗ੍ਹਾ – ਜਗ੍ਹਾ ਤੇ ਅੰਗਰੇਜ਼ੀ ਮਾਧਿਅਮ ਦੇ ਸਕੂਲ ਉੱਗ ਪਏ ਹਨ। ਹੁਣ ਵਿਦਿਆਰਥੀ ਨਾ ਤਾਂ ਅੰਗਰੇਜ਼ੀ ਭਾਸ਼ਾ ਜਾਣਨ ‘ਚ ਸਮਰੱਥ ਹਨ, ਨਾ ਹੀ ਮਾਤ ਭਾਸ਼ਾ। ਸਾਡੀਆਂ ਆਉਣ ਵਾਲੀ ਪੀੜ੍ਹੀਆਂ ਭਾਸ਼ਾ ਅਤੇ ਸੱਭਿਆਚਾਰ ਤੋਂ ਬੇਮੁਖ ਹੋ ਰਹੀਆਂ ਹਨ। ਅੰਗਰੇਜ਼ੀ ਮਾਨਸਿਕਤਾਂ ਦੀ ਅੰਨ੍ਹੀ ਦੌੜ ਵਿਚ ਵਧੇਰੇ ਬੱਚਿਆਂ ਦਾ ਬਚਪਨ ਖੁਸ ਰਿਹਾ ਹੈ।
ਬੱਚਿਆਂ ਦਾ ਮਾਨਸਿਕ ਸੰਘਰਸ਼ :
ਅਣਜਾਣ ਬੱਚਾ ਆਪਣੀ ਵਿੱਦਿਅਕ ਜ਼ਿੰਦਗੀ ਦੇ ਪਹਿਲੇ ਪੜਾਅ ‘ਚ ਇਕ ਪਾਸੇ ਸਕੂਲ ਵਿੱਚ ਅੰਗਰੇਜ਼ੀ ਵਰਗੀ ਵਿਦੇਸ਼ੀ ਭਾਸ਼ਾ ਸੁਣਦਾ ਹੈ ਅਤੇ ਪਰਿਵਾਰ ਤੇ ਸਮਾਜ ਵਿਚ ਮਾਤਭਾਸ਼ਾ ਵਿਚ ਗੱਲਬਾਤ ਕਰਦਾ ਹੈ। ਆਪਣੇ ਸੁਭਾਵਿਕ ਪ੍ਰਗਟਾਵੇ ਲਈ ਉਨ੍ਹਾਂ ਦਾ ਮਾਨਸਿਕ ਸੰਘਰਸ਼ ਸਿਰਫ ਭਾਸ਼ਾਈ ਅਨੁਵਾਦ ‘ਚ ਹੀ ਉਲਝਿਆ ਰਹਿੰਦਾ ਹੈ। ਇਕ ਤਰ੍ਹਾਂ ਉਹ ਬਣਾਉਟੀ ਵਾਤਾਵਰਣ ‘ਚ ਆਪਣੇ ਮਹੱਤਵਪੂਰਨ ਪਲਾਂ ਨੂੰ ਗੂਆ ਦਿੰਦਾ ਹੈ। ਵਿਦਿਆਰਥੀ ਲਈ ਅਤੇ ਭਵਿੱਖ ਦੇ ਨਾਗਰਿਕ ਨਿਰਮਾਣ ਦੇ ਨਜ਼ਰੀਏ ਤੋਂ ਇਹ ਸਥਿਤੀ ਬਹੁਤ ਭਿਆਨਕ ਹੈ, ਇਸ ਦੀ ਕਲਪਨਾ ਕੀਤੀ ਜਾ ਸਕਦੀ ਹੈ।
ਮਾਤਭਾਸ਼ਾ ਇਕ ਸੰਕਲਪ ਸ਼ਕਤੀ :
ਹੁਣ ਦੇ ਸਮੇ ਵਿੱਚ ਮਾਤਭਾਸ਼ਾ ਨੂੰ ਇਕ ਪਾਸੇ ਕਰਦੇ ਹੋਏ ਅਤੇ ਭਾਸ਼ਾਈ ਭ੍ਰਾਂਤੀ ਨੂੰ ਸੱਚ ਮੰਨ ਕੇ ਵਿਦੇਸ਼ੀ ਭਾਸ਼ਾ ਨੂੰ ਸੂਚਕ ਮੰਨ ਲਿਆ ਹੈ। ਇਸ ਨਾਲ ਰਾਸ਼ਟਰੀ ਸੱਭਿਆਚਾਰ ਦੇ ਪਤਨ ਦੀ ਸ਼ੁਰੂਆਤ ਹੋ ਗਈ ਹੈ। ਅਤੇ ਨਾਲ – ਨਾਲ ਵਿਗਿਆਨਿਕ ਸੋਚ ਦੀ ਥਾਂ ਅੰਨ੍ਹੀ ਨਕਲ ਨੇ ਵੀ ਲੈ ਲਈ ਹੈ। ਸਾਨੂੰ ਇਹ ਪ੍ਰਵਾਨ ਕਰਨਾ ਹੋਵੇਗਾ ਕਿ ਕਿਸੇ ਵੀ ਰਾਸ਼ਟਰ ਦੀ ਤਰੱਕੀ ਅਤੇ ਵਿਕਾਸ ਦਾ ਸੋਮਾ ਸਿਰਫ ਪੂੰਜੀ ਅਤੇ ਤਕਨੀਕੀ ਨਹੀਂ ਹੈ, ਸਗੋਂ ਉਸ ਰਾਸ਼ਟਰ ਦੀ ਦ੍ਰਿੜ੍ਹ ਸੰਕਲਪ ਸ਼ਕਤੀ ਹੈ ਅਤੇ ਜੋ ਕਿ ਮਾਤਭਾਸ਼ਾ ਤੋਂ ਹੀ ਪੈਦਾ ਹੁੰਦੀ ਹੈ।
ਮਾਤਭਾਸ਼ਾ ਵਿਗਿਆਨਿਕ ਤੌਰ ਤੇ ਜ਼ਰੂਰੀ :
ਆਧੁਨਿਕ ਭਾਰਤ ਭਾਵੇਂ ਹਰ ਪੱਖ ਤੋਂ ਖੁਸ਼ਹਾਲ ਹੈ ਪਰ ਮਾਤਭਾਸ਼ਾ ‘ਚ ਅਧਿਐਨ ਅਤੇ ਖੋਜ ਦੇ ਮਾਮਲੇ ਵਿਚ ਸਭ ਤੋਂ ਪੱਛੜਿਆ ਹੈ।
ਭਾਰਤੀ ਭਾਸ਼ਾਵਾਂ ਦੀ ਬਜਾਏ ਵਿਦੇਸ਼ੀ ਭਾਸ਼ਾ ਅੰਗਰੇਜ਼ੀ ਪ੍ਰਤੀ ਮੋਹ ਦਾ ਵਧਣਾ ਚਿੰਤਾਜਨਕ ਹੈ। ਭਾਰਤ ਇਕ ਬਹੁਭਾਸ਼ੀ ਦੇਸ਼ ਹੈ। ਵਿਕਾਸ ਲਈ ਮਾਤਭਾਸ਼ਾ ‘ਚ ਸਿੱਖਿਆ ਵਿਗਿਆਨਕ ਤੌਰ ਤੇ ਜ਼ਰੂਰੀ ਹੈ।
ਮਾਤਭਾਸ਼ਾ ਨੂੰ ਗੋਦ ਲੈਣਾ ਜ਼ਰੂਰੀ :
ਜੇ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਸਹੀ ਤਰੀਕੇ ਨਾਲ ਵੱਧਦਾ ਦੇਖਣਾ ਚਾਹੁੰਦੇ ਹਾਂ, ਜੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦਾ ਸਰਵਪੱਖੀ ਵਿਕਾਸ ਹੋਵੇ ਤਾਂ ਸਾਨੂੰ ਮਾਤਭਾਸ਼ਾ ਨੂੰ ਅਪਨਾਉਣ ਪਵੇਗਾ। ਅੱਜ ਦੇ ਸਮੇ ਦਾ ਜੋ ਦੌਰ ਚੱਲ ਰਿਹਾ ਹੈ ਉਸਨੂੰ ਦੇਖਦੇ ਹੋਏ ਸਾਨੂੰ ਆਪਣੀ ਮਾਤਭਾਸ਼ਾ ਨੂੰ ਗੋਦ ਲੈਣਾ ਪਵੇਗਾ, ਉਸਨੂੰ ਗਲੇ ਲਗਾਉਣਾ ਪਵੇਗਾ ਤਾਂ ਹੀ ਇਹ ਸੱਭ ਕੁੱਝ ਸਮਝ ਆਵੇਗਾ। ਨਹੀਂ ਤਾਂ ਸਿੱਧੇ ਤੌਰ ਤੇ ਅਸੀਂ ਆਪਣੇ ਬੱਚਿਆਂ ਨੂੰ ਬਣਾ ਨਹੀਂ ਰਹੇ ਸਗੋਂ ਓਹਨਾ ਨੂੰ ਬਰਬਾਦ ਕਰ ਰਹੇ ਹਾਂ। ਉਹਨਾਂ ਦੀ ਮਾਨਸਿਕਤਾ ਨਾਲ ਖਿਲਵਾੜ ਕਰ ਰਹੇ ਹਾਂ।
ਹੁਣ ਇਹ ਸਾਡੀ, ਮਾਂ – ਬਾਪ ਦੀ ਜਿੰਮੇਵਾਰੀ ਬਣਦੀ ਹੈ ਕਿ ਹੁਣ ਤੋਂ ਹੀ ਅਸੀਂ ਆਪਣੇ ਬੱਚਿਆਂ ਬਾਰੇ ਸੋਚਣਾ ਸ਼ੁਰੂ ਕਰ ਦੇਈਏ, ਕਿਤੇ ਇਹ ਨਾ ਹੋਵੇ ਕਿ ਸਮਾਂ ਹੀ ਹੱਥੋਂ ਖੁੰਜ ਹਾਵੇ।
Loading Likes...