ਆਓ ਸਈਓ ਰਲ ਦਿਓ ਨੀ ਵਧਾਈ
ਆਓ ਸਈਓ ਰਲ ਦਿਓ ਣੀ ਵਧਾਈ।
ਮੈਂ ਬਰ ਪਾਇਆ ਰਾਂਝਾ ਮਾਹੀ। ਟੇਕ।
ਅੱਜ ਤਾਂ ਰੋਜ਼ ਮੁਬਾਰਕ ਚੜ੍ਹਿਆ,
ਰਾਂਝਾ ਸਾਡੇ ਵੇਹੜੇ ਵੜਿਆ।
ਹੱਥ ਖੂੰਡੀ ਮੋਢੇ ਕੰਬਲ ਧਰਿਆ,
ਚਾਕਾਂ ਵਾਲੀ ਸ਼ਕਲ ਬਣਾਈ।
ਆਓ ਸਈਓ ਰਲ ਦਿਓ ਵਧਾਈ।
ਮੁਕਟ ਗਊਆਂ ਦੇ ਵਿਚ ਰੁਲਦਾ,
ਜੰਗਲ ਜੂਹਾਂ ਦੇ ਵਿਚ ਰੁਲਦਾ।
ਹੈ ਕੋਈ ਅੱਲਾ ਦੇ ਵੱਲ ਭੁੱਲਦਾ,
ਅਸਲ ਹਕੀਕਤ ਖ਼ਬਰ ਨਾ ਕਾਈ।
ਆਓ ਸਈਓ ਰਲ ਦਿਓ ਵਧਾਈ।
ਬੁੱਲ੍ਹੇ ਸ਼ਾਹ ਇਕ ਸੌਦਾ ਕੀਤਾ,
ਪੀਤਾ ਜ਼ਹਿਰ ਪਿਆਲਾ ਪੀਤਾ,
ਨਾ ਕੁਝ ਲਾਹਾ ਟੋਟਾ ਲੀਤਾ,
ਦਰਦ ਦੁਖਾਂ ਦੀ ਗਠੜੀ ਚਾਈ।
ਆਓ ਸਈਓ ਰਲ ਦਿਓ ਨੀ ਵਧਾਈ।
Loading Likes...