ਡਾ ਬੀ.ਆਰ.ਅੰਬੇਡਕਰ (ਭਾਗ-1)

        ਡਾ ਬੀ.ਆਰ.ਅੰਬੇਡਕਰ ਸਾਹਿਬ

          ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਜ਼ਿਲਾ ਇੰਦੌਰ ਦੇ ਮਹੂ ਛਾਉਣੀ ਵਿਖੇ ਭੀਮਾ ਬਾਈ ਜੀ ਦੀ ਕੁੱਖੋਂ ਪਿਤਾ ਸ਼੍ਰੀ ਰਾਮ ਜੀ ਮਾਲੋ ਜੀ ਸਕਪਾਲ ਜੀ ਦੇ ਗ੍ਰਹਿ ਵਿਖੇ ਹੋਇਆ।

          ਬਚਪਨ ਵਿੱਚ ਸਕੂਲ ਪੜ੍ਹਦਿਆਂ ਬਾਬਾ ਸਾਹਿਬ ਨੇ ਜੋ ਦਰਦ ਆਪਣੇ ਅੰਦਰ ਹੰਢਾਏ, ਉਸ ਬਾਰੇ ਤਾਂ ਅਸੀਂ ਕੁੱਝ ਵੀ ਸਮਝ ਨਹੀਂ ਸਕਦੇ। ਸਕੂਲ ਵਿੱਚ ਅਲੱਗ ਬੈਠਣਾ ਪੈਂਦਾ ਸੀ। ਉੱਚੀ ਜਾਤਿ ਤੇ ਬੱਚਿਆਂ ਨਾਲ ਖੇਡਣ ਦੀ ਵੀ ਇਜ਼ਾਜ਼ਤ ਨਹੀਂ ਸੀ। ਸਕੂਲ ਦੇ ਸਾਰੇ ਬੱਚੇ ਜਿੱਥੇ ਪਾਣੀ ਪੀਂਦੇ ਸਨ, ਉਹਨਾਂ ਨੂੰ ਇਜ਼ਾਜ਼ਤ ਨਹੀਂ ਸੀ। ਕਈ ਵਾਰ ਉਹਨਾਂ ਨੂੰ ਸਕੂਲ ਵਿੱਚ ਮਾਰ ਸਿਰਫ ਇਸੇ ਕਰਕੇ ਪਈ ਕਿ ਉਹਨਾਂ ਨੇ ਉੱਥੋਂ ਪਾਣੀ ਪੀ ਲਿਆ ਸੀ ਜਿੱਥੋਂ  ਉੱਚ ਜਾਤਿ ਦੇ ਬੱਚੇ ਪਾਣੀ ਪੀਂਦੇ ਸਨ।

           ਜੋ ਜ਼ਖ਼ਮ ਉਹਨਾਂ ਦੇ ਸੀਨੇ ਵਿੱਚ ਸੀ ਉਸ ਨੂੰ ਮਲ੍ਹਮ ਲਗਾਉਣ ਵਾਸਤੇ ਸਾਰੀ ਜ਼ਿੰਦਗੀ ਉਹ ਨੀਵੀਂ ਜਾਤਿ ਦੇ ਲੋਕਾਂ ਨੂੰ ਬਰਾਬਰੀ ਦਾ ਹਕ਼ ਦਵਾਉਣ ਵਿੱਚ ਲੱਗੇ ਰਹੇ। ਜਦੋਂ 1907 ਵਿੱਚ ਇੱਕ ਸਕੂਲ ਦੇ ਸਮਾਗਮ ਵਿੱਚ ਉਹਨਾਂ ਨੂੰ ਹੈਡਮਾਸਟਰ ਸ਼੍ਰੀ ਕ੍ਰਿਸ਼ਨਾ ਜੀ ਨੇ ‘ਗੌਤਮ ਬੁੱਧ ਦਾ ਜੀਵਨ ਚਰਿੱਤਰ’ ਇੱਕ ਪੁਸਤਕ ਦਿਤੀ ਤਾਂ ਉਸ ਨੂੰ ਪੜ੍ਹਨ ਤੋਂ ਬਾਅਦ ਉਨ੍ਹਾਂ ਦਾ ਸੋਚਣ ਦਾ ਢੰਗ ਹੀ ਬਦਲ ਗਿਆ।

          ਉਸ ਵੇਲੇ ਬਾਲ ਵਿਆਹ ਦਾ ਰੀਵਾਜ਼ ਸੀ ਇਸੇ ਕਰਕੇ ਜਦ ਬਾਬਾ ਸਾਹਿਬ ਦਾ ਵਿਆਹ ਜਦ ਹੋਇਆ ਤਾਂ ਉਹਨਾਂ ਦੀ ਉਮਰ ਉਸ ਵੇਲੇ 17 ਸਾਲ ਤੇ ਪਤਨੀ ਰਾਮਾ ਬਾਈ ਦੀ ਉਮਰ ਸਿਰਫ 9 ਸਾਲ ਦੀ ਸੀ।

          ਘਰ ਵਿੱਚ ਪੈਸੇ ਦੀ ਕਮੀ ਸੀ ਤੇ ਉਸ ਸਮੇ ਬੜੌਦਾ ਦੇ ਮਹਾਰਾਜਾ ਨੇ ਉਹਨਾਂ ਦੀ ਪੜ੍ਹਾਈ ਦਾ ਜਿੰਮਾ ਲਿਆ ਅਤੇ ਉਹਨਾਂ ਨੂੰ ਵਿਦੇਸ਼ ਵਿੱਚ ਪੜ੍ਹਨ ਦਾ ਵੀ ਮੌਕਾ ਦਿੱਤਾ ਗਿਆ। ਪਰ ਵਿਦੇਸ਼ ਵਿੱਚ ਪੜ੍ਹਾਈ ਕਰਨ ਲਈ ਇੱਕ ਸਮਝੌਤਾ ਹੋਇਆ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬਾਬਾ ਸਾਹਿਬ 10 ਸਾਲ ਬੜੌਦਾ ਰਿਆਸਤ ਦੀ ਸੇਵਾ ਕਰਨਗੇ।

          ਜਦੋਂ ਵਿਦੇਸ਼ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਰਿਆਸਤ ਦੀ ਸੇਵਾ ਕਰਨੀ ਸ਼ੁਰੂ ਕੀਤੀ ਤਾਂ ਉੱਚ ਕੋਟਿ ਦੇ ਵਿਦਵਾਨ ਹੋਣ ਤੋਂ ਬਾਅਦ ਵੀ ਉਹਨਾਂ ਨਾਲ ਵਿਤਕਰਾ ਹੁੰਦਾ ਰਿਹਾ।

          ਉਹਨਾਂ ਨੇ ਹਿੰਦੂ ਧਰਮ ਦੇ ਆਗੂਆਂ ਨੂੰ ਕਿਹਾ ਕਿ ਜੇਕਰ ਤੁਸੀਂ ਕਹਿੰਦੇ ਹੋ ਕਿ ਦਲਿਤ ਵੀ ਹਿੰਦੂ ਨੇ ਤਾਂ ਉਹਨਾਂ ਨੂੰ ਵੀ ਬਰਾਬਰਤਾ ਦੇ ਅਧਿਕਾਰ ਮਿਲਣੇ ਚਾਹੀਦੇ ਹਨ। ਧਰਮ ਅਤੇ ਗੁਲਾਮੀ ਇੱਕ ਥਾਂ ਨਹੀਂ ਰਹਿ ਸਕਦੇ। 24 ਦਸੰਬਰ 1927 ਨੂੰ ਭਾਰਤ ਦੇ ਇਤਿਹਾਸ ਵਿੱਚ ਨਾ ਭੁਲਣ ਵਾਲਾ ਦਿਨ ਹੈ, ਜਿਸ ਦਿਨ ਬਾਬਾ ਸਾਹਿਬ ਨੇ ਮਨੁੱਖਤਾ ਨੂੰ ਚਾਰ ਵਰਗਾਂ ਵਿੱਚ ਵੰਡਦੀ ਮਨੂੰ ਸਮ੍ਰਿਤੀ ਨੂੰ ਸਾੜ ਕੇ ਨਵਾਂ ਧਰਮ ਸ਼ਾਸ਼ਤਰ ਬਣਾਉਣ ਦੀ ਮੰਗ ਕੀਤੀ।

ਬਾਕੀ ਬਾਅਦ ਵਿੱਚ…..

Loading Likes...

Leave a Reply

Your email address will not be published. Required fields are marked *