ਗਰਮੀ ਦੀ ਦਸਤਕ :
ਮਾਰਚ ਦਾ ਮਹੀਨਾ ਸ਼ੁਰੂ ਹੁੰਦੇ ਹੀ ਗਰਮੀ ਦੀ ਦਸਤਕ ਸ਼ੁਰੂ ਹੋ ਜਾਂਦੀ ਹੈ। ਮੌਸਮ ਦੀ ਬਦਲਾਹਟ ਨਾਲ ਹੀ ਸਿਹਤ ਵਿਚ ਵੀ ਉਤਾਰ ਚੜ੍ਹਾਵ ਸ਼ੁਰੂ ਹੋ ਜਾਂਦੇ ਹਨ।
ਮੌਸਮ ਦੀ ਤਬਦੀਲੀ ਨਾਲ ਸਰਦੀ – ਖਾਂਸੀ, ਬਦਨ ਦਰਦ, ਬੁਖਾਰ ਵਰਗੀਆਂ ਸਮੱਸਿਆਵਾਂ ਹੋਣਾ ਆਮ ਗੱਲ ਹੈ। ਪਰ ਇਹਨਾਂ ਨੂੰ ਹਲਕੇ ‘ਚ ਲੈਣਾ ਵੀ ਸਿਹਤ ਨੂੰ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ।
ਬਦਲਦੇ ਮੌਸਮ ਵਿਚ ਆਪਣਾ, ਆਪਣੇ ਬੱਚਿਆਂ ਦਾ ਅਤੇ ਬਜ਼ੁਰਗਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।
ਹੇਠਾਂ ਕੁਝ ਤਰੀਕਿਆਂ ਦਾ ਜ਼ਿਕਰ ਕਰਦੇ ਹਾਂ ਜਿਨ੍ਹਾਂ ਨਾਲ ਅਸੀਂ ਆਪਣੀ ਸਿਹਤ ਦਾ ਧਿਆਨ ਬੜੀ ਅਸਾਨੀ ਨਾਲ ਰੱਖ ਸਕਦੇ ਹਾਂ।
ਮੱਛਰਾਂ ਤੋਂ ਬਚਾਵ ਬਹੁਤ ਜ਼ਰੂਰੀ :
ਗਰਮੀ ਦੀ ਦਸਤਕ ਨਾਲ ਹੀ ਮੱਛਰਾਂ ਅਤੇ ਦੂਜੇ ਕੀੜੇ – ਮਕੌੜਿਆਂ ਦੀ ਗਿਣਤੀ ਵਧਣੀ ਸ਼ੁਰੂ ਹੋ ਜਾਂਦੀ ਹੈ। ਇਨ੍ਹਾਂ ਨਾਲ ਬੀਮਾਰੀਆਂ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ। ਮੱਛਰਾਂ ਨਾਲ ਕਈ ਰੋਗ ਜਿਵੇਂ ਮਲੇਰੀਆ (Malaria), ਡੇਂਗੂ (Dengue), ਚਿਕਨਗੁਨੀਆ (Chikungunya) ਹੋਣ ਦਾ ਡਰ ਵੀ ਵੱਧ ਜਾਂਦਾ ਹੈ।
ਇਹ ਬੀਮਾਰੀਆਂ ਸਾਡੀ ਇਮਿਊਨਿਟੀ ਨੂੰ ਕਮਜ਼ੋਰ ਕਰਦੀਆਂ ਹਨ। ਆਪਣੀ ਇਮਿਊਨਿਟੀ (Immunity) ਨੂੰ ਠੀਕ ਰੱਖਣ ਲਈ ਅਸੀਂ ਸੰਤਰਾ, ਅਨਾਰ, ਪਪੀਤੇ ਅਤੇ ਅਮਰੂਦ ਜਿਹੇ ਫਲਾਂ ਦਾ ਸੇਵਣ ਕਰ ਸਕਦੇ ਹਾਂ। ਜੋ ਕਿ ਸਾਨੂੰ ਨਿਰੋਗ ਰੱਖਣ ਵਿਚ ਮਦਦ ਕਰਦੇ ਹਨ।
ਗਰਮ ਕੱਪੜੇ ਪਹਿਨਣਾ ਬੰਦ ਨਾ ਕਰੋ :
ਸਾਡੀ ਸਵੇਰੇ ਅਤੇ ਰਾਤ ਸਮੇਂ ਘਰੋਂ ਨਿਕਲਣ ਤੋਂ ਪਹਿਲਾਂ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਗਰਮ ਕੱਪੜਿਆਂ ਤੋਂ ਬਿਨਾਂ ਨਾ ਨਿਕਲਿਆ ਜਾਵੇ। ਅਜੇ ਗਰਮੀ ਪੂਰੀ ਸ਼ੁਰੂ ਨਹੀਂ ਹੋਈ ਹੈ। ਮੌਸਮ ਵਿਚ ਤਬਦੀਲੀ ਅਤੇ ਇਸ ਮੌਸਮ ਵਿਚ ਚੱਲਣ ਵਾਲੀਆਂ ਠੰਡੀਆਂ ਹਵਾਵਾਂ ਤੋਂ ਗਰਮ ਕੱਪੜੇ ਹੀ ਬਚਾਉਣਗੇ।
ਭਰਪੂਰ ਪਾਣੀ ਪੀਣਾ ਨਾਲ ਫਾਇਦਾ :
ਸਰਦੀ ਦੇ ਮੌਸਮ ਵਿਚ ਤਾਂ ਨਹੀਂ ਪਰ ਗਰਮੀ ਵਿਚ ਸਾਡੇ ਸਰੀਰ ਨੂੰ ਵੱਧ ਪਾਣੀ ਦੀ ਲੋੜ ਹੁੰਦੀ ਹੈ। ਗਰਮੀਆਂ ਵਿਚ ਪਸੀਨਾ ਬਹੁਤ ਆਉਂਦਾ ਹੈ ਤੇ ਸਾਡੇ ਸ਼ਰੀਰ ਦਾ ਪਾਣੀ ਖ਼ਤਮ ਹੋਣ ਲੱਗ ਜਾਂਦਾ ਹੈ ਜਿਸ ਕਰਕੇ ਪਾਣੀ ਦੀ ਲੋੜ ਵੱਧ ਜਾਂਦੀ ਹੈ।
ਡੀਹਾਈਡ੍ਰੇਸ਼ਨ (Dehydration) ਤੋਂ ਬਚਣ ਲਈ ਘੱਟ ਤੋਂ ਘੱਟ 4 ਤੋਂ 5 ਲਿਟਰ ਪਾਣੀ ਰੋਜ਼ ਜ਼ਰੂਰ ਪੀਓ।
ਖਾਣ – ਪੀਣ ਵਾਲੀਆਂ ਚੀਜਾਂ ਦਾ ਖਾਸ ਰੱਖੋ ਧਿਆਨ :
ਹੁਣ ਸਰਦੀ – ਗਰਮੀ ਦੋਵੇਂ ਤਰ੍ਹਾਂ ਦਾ ਮੌਸਮ ਹੋਣ ਕਰਕੇ ਹਲਕਾ ਭੋਜਨ ਲੈਣਾ ਠੀਕ ਰਹਿੰਦਾ ਹੈ। ਇਸ ਮੌਸਮ ਵਿਚ ਸਾਨੂੰ ਭਾਰੀ (Heavy) ਤਲਿਆ – ਭੁੰਨਿਆ (Fried) ਅਤੇ ਮਸਾਲੇਦਾਰ (Spicy) ਚੀਜਾਂ ਲੈਣ ਤੋਂ ਬਚਣਾ ਚਾਹੀਦਾ ਹੈ।
ਇਸ ਮੌਸਮ ਵਿਚ ਸਾਨੂੰ ਸਲਾਦ, ਸੂਪ, ਜੂਸ, ਨਾਰੀਅਲ ਦਾ ਪਾਣੀ, ਨਿੰਬੂ ਪਾਣੀ ਅਤੇ ਫਲਾਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੁੰਦੀਂ ਹੈ।
ਕਸਰਤ ਦਾ ਰੱਖੋ ਧਿਆਨ :
ਸਰਦੀਆਂ ਵਿਚ ਠੰਡ ਦੇ ਕਾਰਣ ਅਸੀਂ ਕਸਰਤ ਕਰਨਾ ਛੱਡ ਦਿੰਦੇ ਹਾਂ। ਪਰ ਗਰਮੀ ਦੀ ਦਸਤਕ ਦੇ ਨਾਲ ਹੀ ਹੌਲੀ – ਹੌਲੀ ਇਸ ਨੂੰ ਫਿਰ ਤੋਂ ਸ਼ੁਰੂ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਜਿੰਨਾ ਹੋ ਸਕੇ, ਭਾਵੇਂ ਥੋੜਾ ਹੀ ਸਹੀ ਕਸਰਤ (Exercise/ Workout) ਵਾਸਤੇ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ।
ਬਾਕੀ ਠੰਡੇ ਪਾਣੀ ਦਾ ਪਰਹੇਜ਼ ਬਹੁਤ ਜਰੂਰੀ ਹੈ। ਆਈਸਕ੍ਰੀਮ (Ice cream) ਅਤੇ ਹੋਰ ਠੰਡੀਆਂ ਚੀਜ਼ਾਂ ਨੂੰ ਖਾਣ ਤੋਂ ਬਚੋ। ਜੇ ਇਹਨਾਂ ਠੰਡੀਆਂ ਚੀਜਾਂ ਦਾ ਪਰਹੇਜ਼ ਨਹੀਂ ਕੀਤਾ ਜਾਂਦਾ ਤਾਂ ਗਲਾ ਖਰਾਬ ਅਤੇ ਜੁਕਾਮ ਦੀ ਸਮੱਸਿਆ ਹੋਣਾ ਸੁਭਾਵਿਕ ਹੀ ਹੈ।
Loading Likes...