ਲੰਪੀ ਸਕਿਨ ਦੇ ਕਾਰਨ ਅਤੇ ਰੋਕਥਾਮ/ Lumpy skin causes and prevention

ਲੰਪੀ ਸਕਿਨ ਦੇ ਕਾਰਨ ਅਤੇ ਰੋਕਥਾਮ/ Lumpy skin causes and prevention

ਲੰਪੀ ਸਕਿਨ ਬੀਮਾਰੀ ਇਕ ਲਾਗ ਵਾਲਾ ਵਾਇਰਲ ਰੋਗ ਹੈ, ਜਿਹੜਾ ਕਿ ਅੱਜਕਲ ਗਾਵਾਂ ਅਤੇ ਮੱਝਾਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਪੰਜਾਬ ਦੇ ਵੱਖ – ਵੱਖ ਇਲਾਕਿਆਂ ਵਿਚ ਇਸ ਬੀਮਾਰੀ ਦੇ ਹੋਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਇਸ ਤੋਂ ਪਹਿਲਾਂ ਕਿ ਬੀਮਾਰੀ ਵਧੇਰੇ ਫੈਲ ਜਾਵੇ ਇਸ ਬਾਰੇ ਜਾਣੂ ਅਤੇ ਚੇਤੰਨ ਹੋਣ ਦੀ ਲੋੜ ਹੈ। ਇਸੇ ਲਈ ਅੱਜ ਅਸੀਂ ਲੰਪੀ ਸਕਿਨ ਦੇ ਕਾਰਨ ਅਤੇ ਰੋਕਥਾਮ/ Lumpy skin causes and prevention ਵਿਸ਼ੇ ਤੇ ਚਰਚਾ ਕਰਾਂਗੇ।

ਲੰਪੀ ਬੀਮਾਰੀ ਦਾ ਵਾਇਰਸ ਮੱਛਰਾਂ, ਮੱਖੀਆਂ ਅਤੇ ਚਿੱਚੜਾਂ ਰਾਹੀਂ ਪਸ਼ੂਆਂ ਨੂੰ ਪ੍ਰਭਾਵਿਤ ਕਰਦਾ ਹੈ।

ਲੰਪੀ ਸਕਿਨ ਦੇ ਕਾਰਣ/ Cause of lumpy skin :

ਇਸ ਬੀਮਾਰੀ ਦਾ ਕਾਰਨ ਕੈਪਰੀਪੌਕਸ ਵਾਇਰਸ/ capripox virus ਹੈ। ਇਹ ਵਾਇਰਸ ਮੱਛਰਾਂ, ਮੱਖੀਆਂ ਅਤੇ ਚਿੱਚੜਾਂ ਰਾਹੀਂ ਪਸ਼ੂਆਂ ਨੂੰ ਪ੍ਰਭਾਵਿਤ ਕਰਦਾ ਹੈ। ਇਕ ਪਸ਼ੂ ਦੇ ਪ੍ਰਭਾਵਿਤ ਹੋਣ ਮਗਰੋਂ ਸੰਪਰਕ ਰਾਹੀਂ ਇਹ ਵਾਇਰਸ ਦੂਜੇ ਤੰਦਰੁਸਤ ਪਸ਼ੂਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਅਸਰ ਅਧੀਨ ਆਏ ਪਸ਼ੂਆਂ ਲਈ ਵਰਤੀਆਂ ਸਰਿੰਜਾਂ ਵਰਤਣ ਨਾਲ ਵੀ ਇਨਫੈਕਸ਼ਨ ਫੈਲ ਸਕਦਾ ਹੈ। ਅੱਜਕਲ ਦਾ ਗਰਮ ਅਤੇ ਹੁੰਮਸ ਭਰਿਆ ਮੌਸਮ ਇਸ ਬੀਮਾਰੀ ਨੂੰ ਫੈਲਾਉਣ ਵਿਚ ਸਹਾਈ ਹੋ ਰਿਹਾ ਹੈ।

ਲੰਪੀ ਸਕਿਨ ਦੇ ਲੱਛਣ/ Symtoms of Lumpy skin :

ਇਸ ਬੀਮਾਰੀ ਦੇ ਲੱਛਣ ਲਗਭਗ ਖਸਰੇ ਵਰਗੇ ਹੁੰਦੇ ਹਨ। ਇਸ ਬੀਮਾਰੀ ਤੋਂ ਪੀੜਤ ਪਸ਼ੂ ਨੂੰ ਸ਼ੁਰੂਆਤ ਵਿਚ 2 – 3 ਦਿਨ ਬੁਖਾਰ ਹੁੰਦਾ ਹੈ ਅਤੇ ਚਮੜੀ ਤੇ 2 – 5 ਸੈਂਟੀਮੀਟਰ ਵੱਡੀਆਂ ਗੱਠਾਂ ਉੱਭਰ ਆਉਂਦੀਆਂ ਹਨ। ਇਨ੍ਹਾਂ ਗੱਠਾਂ ‘ਚੋਂ ਦੁਧੀਆ ਪੀਲੀ ਪੀਕ ਨਿਕਲਦੀ ਹੈ, ਜਿਸ ਕਾਰਨ ਚਮੜੀ ਦੇ ਗਲ ਜਾਣ ਦੀ ਸੰਭਾਵਨਾ ਹੁੰਦੀ ਹੈ। ਇਨ੍ਹਾਂ ਬਾਹਰੀ ਪ੍ਰਮੁੱਖ ਲੱਛਣਾਂ ਦੇ ਇਲਾਵਾ ਪਸ਼ੂ ਦੀਆਂ ਅੰਦਰੂਨੀ ਪ੍ਰਣਾਲੀਆਂ ਵੀ ਅਸਰ ਹੇਠ ਆ ਜਾਂਦੀਆਂ ਹਨ। ਪਸ਼ੂ ਦੇ ਮੂੰਹ, ਸਾਹ ਨਲੀ ਮਿਹਦੇ ਅਤੇ ਪ੍ਰਜਨਣ ਅੰਗਾਂ ਵਿਚ ਵੀ ਜ਼ਖਮ ਹੋ ਜਾਂਦੇ ਹਨ।

ਲਿੰਫ ਨੋਡ/ lymph nodes ਜਿਹੜੇ ਕਿ ਸਰੀਰ ਦੀਆਂ ਬੀਮਾਰੀਆਂ ਤੋਂ ਸੁਰੱਖਿਆ ਪ੍ਰਣਾਲੀ ਦਾ ਅੰਗ ਹਨ, ਉਨ੍ਹਾਂ ਵਿਚ ਸੋਜਿਸ਼ ਆ ਜਾਂਦੀ ਹੈ, ਜਿਸ ਨਾਲ ਸਰੀਰ ਦੀ ਬੀਮਾਰੀ ਦਾ ਸਾਹਮਣਾ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ। ਸਰੀਰਕ ਕਮਜ਼ੋਰੀ, ਦੁੱਧ ਦਾ ਘਟਣਾ, ਬੱਚਾ ਸੁੱਟਣਾ, ਲੱਤਾਂ ਵਿਚ ਪਾਣੀ ਭਰਨਾ ਅਕਸਰ ਦੇਖੇ ਜਾਣ ਵਾਲੇ ਲੱਛਣ ਹਨ। ਇਸ ਬੀਮਾਰੀ ਨਾਲ ਪਸ਼ੂ ਬਾਂਝ ਹੋ ਸਕਦੇ ਹਨ ਅਤੇ ਕਿਸੇ ਕਿਸੇ ਪਸ਼ੂ ਦੀ (1 – 5 ਪ੍ਰਤੀਸ਼ਤ) ਮੌਤ ਵੀ ਹੋ ਸਕਦੀ ਹੈ।

ਆਮ ਤੌਰ ਤੇ ਲਗਭਗ ਦੋ ਤੋਂ ਤਿੰਨ ਹਫਤਿਆਂ ਵਿਚ ਪਸ਼ੂ ਠੀਕ ਹੋ ਜਾਂਦਾ ਹੈ ਪਰ ਕਮਜ਼ੋਰੀ ਅਤੇ ਦੁੱਧ ਵਿਚ ਕਮੀ ਲੰਮੇ ਸਮੇਂ ਤਕ ਦੇਖੀ ਜਾਂਦੀ ਹੈ।

ਲੰਪੀ ਸਕਿਨ ਦਾ ਇਲਾਜ/ Treatment of Lumpy skin :

ਇਸ ਬੀਮਾਰੀ ਦੇ ਇਲਾਜ ਲਈ ਸ਼ੁਰੂਆਤੀ ਲੱਛਣ ਦਿਸਣ ਤੇ ਤੁਰੰਤ ਵੈਟਰਨਰੀ ਡਾਕਟਰ ਦੀ ਸਲਾਹ ਨਾਲ ਪਸ਼ੂ ਨੂੰ ਬੁਖਾਰ, ਦਰਦ ਆਦਿ ਘਟਾਉਣ ਦੀਆਂ ਦਵਾਈਆਂ ਦੇਣ ਨਾਲ ਉਸ ਦੀ ਤਕਲੀਫ ਵਿਚ ਕਮੀ ਕੀਤੀ ਜਾ ਸਕਦੀ ਹੈ।

ਚਮੜੀ ਤੇ ਹੋਏ ਜ਼ਖਮਾਂ ਤੋਂ ਆਰਾਮ ਲਈ ਲੋੜ ਅਨੁਸਾਰ ਮੱਲ੍ਹਮ ਦੀ ਵਰਤੋਂ ਕਰੋ। ਇਸ ਸਮੇਂ ਵਿਟਾਮਿਨ ਜ਼ਖਮ ਭਰਨ ਅਤੇ ਪਸ਼ੂਆਂ ਨੂੰ ਮੁੜ ਠੀਕ ਕਰਨ ਵਿਚ ਬਹੁਤ ਸਹਾਈ ਹੋਣਗੇ।

ਵੈਟਰਨਰੀ ਡਾਕਟਰ ਦੀ ਸਲਾਹ ਨਾਲ ਲੋੜ ਅਨੁਸਾਰ ਐਂਟੀਬਾਇਓਟਿਕ ਦਵਾਈਆਂ (ਖਾਸਕਰ ਸਲਫਾ ਸਮੂਹ ਦੇ ਐਂਟੀਬਾਇਓਟਿਕ) ਦੀ ਵਰਤੋਂ ਕੀਤੀ ਜਾ ਸਕਦੀ ਹੈ। ਧਿਆਨ ਦੇਣ ਯੋਗ ਹੈ ਕਿ ਇਸ ਬੀਮਾਰੀ ਦੌਰਾਨ ਪਸ਼ੂ ਦੀ ਖੁਰਾਕ ਨਰਮ ਅਤੇ ਆਸਾਨੀ ਨਾਲ ਪਚਣਯੋਗ ਹੋਣੀ ਚਾਹੀਦੀ ਹੈ।

ਪੰਜਾਬੀ ਵਿਚ ਹੋਰ ਵੀ ਪੋਸਟਾਂ ਪੜ੍ਹਨ ਲਈ 👉 CLICK ਕਰੋ ਜੀ।

ਲੰਪੀ ਸਕਿਨ ਦੇ ਬਚਾਅ ਅਤੇ ਰੋਕਥਾਮ ਦੇ ਨੁਕਤੇ/ Lumpy skin, protection and prevention tips :

1. ਇਸ ਬੀਮਾਰੀ ਤੋਂ ਬਚਾਅ ਲਈ ਤੰਦਰੁਸਤ ਪਸ਼ੂਆਂ ਨੂੰ ਗੋਟ ਪੌਕਸ (Goat pox) ਵੈਕਸੀਨ ਨਾਲ ਟੀਕਾਕਰਨ ਕਰਵਾ ਲੈਣਾ ਚਾਹੀਦਾ ਹੈ।

2. ਜੇਕਰ ਕੋਈ ਪਸ਼ੂ ਬੀਮਾਰੀ ਦੇ ਅਸਰ ਅਧੀਨ ਆ ਗਿਆ ਹੋਵੇ ਤਾਂ ਉਸਨੂੰ ਤੁਰੰਤ ਬਾਕੀ ਪਸ਼ੂਆਂ ਤੋਂ ਵੱਖ ਕਰ ਦੇਣਾ ਚਾਹੀਦਾ ਹੈ।

3. ਬੀਮਾਰੀ ਪਸ਼ੂ ਨੂੰ ਚਰਾਉਣ, ਮੰਡੀ ਜਾਂ ਪਸ਼ੂ ਮੁਕਾਬਲਿਆਂ ਵਿਚ ਨਾ ਲੈ ਕੇ ਜਾਓ ਅਤੇ ਤੰਦਰੁਸਤ ਪਸ਼ੂਆਂ ਨੂੰ ਵੀ ਬਾਹਰ ਲੈ ਕੇ ਜਾਣ ਤੋਂ ਗੁਰੇਜ਼ ਕਰੋ।

4. ਨਵੇਂ ਪਸ਼ੂ ਖਰੀਦ ਕੇ ਨਾ ਲਿਆਓ।

5. ਪਸ਼ੂ ਪਾਲਕ ਕਿਸਾਨ ਵੀਰ / ਬੀਬੀਆਂ ਅਤੇ ਫਾਰਮਾਂ ਤੇ ਕੰਮ ਕਰਨ ਵਾਲੇ ਕਾਮੇ ਵੱਖ – ਵੱਖ ਫਾਰਮਾਂ ਤੇ ਨਾ ਜਾਣ।

6. ਸ਼ੈਂੱਡ ਅਤੇ ਕਾਮੇ ਦੀ ਸਫਾਈ ਵੱਲ ਖਾਸ ਧਿਆਨ ਦੇਣ ਨਾਲ ਬੀਮਾਰੀ ਦੇ ਫੈਲਣ ਦੀ ਦਰ ਘਟਾਈ ਜਾ ਸਕਦੀ ਹੈ।

7. ਮੱਛਰਾਂ, ਮੱਖੀਆਂ, ਚਿੱਚੜਾਂ ਦੀ ਗਿਣਤੀ ਤੇ ਕਾਬੂ ਕਰਨ ਲਈ ਸੰਭਵ ਉਪਰਾਲਾ ਕਰਨਾ ਠੀਕ ਰਹੇਗਾ।

ਉਪਰੋਕਤ ਸਾਰੇ ਤੱਥਾਂ ਤੋਂ ਸਪਸ਼ਟ ਹੈ ਕਿ ਇਹ ਬੀਮਾਰੀ ਕਮਜ਼ੋਰੀ, ਦੁੱਧ ਵਿਚ ਕਮੀ ਅਤੇ ਬੱਚਾ ਸੁੱਟਣ ਦੇ ਅਸਰ ਕਾਰਨ ਲੰਮੇ ਸਮੇਂ ਤਕ ਫਾਰਮਾਂ ਦੀ ਆਰਥਿਕਤਾ ਤੇ ਮਾੜਾ ਅਸਰ ਪਾ ਸਕਦੀ ਹੈ। ਇਸ ਲਈ ਬਚਾਅ ਦੇ ਤਰੀਕਿਆਂ ਤੇ ਤੁਰੰਤ ਗੌਰ ਕਰਨ ਦੀ ਜ਼ਰੂਰਤ ਹੈ।

Loading Likes...

Leave a Reply

Your email address will not be published. Required fields are marked *