ਘਰਾਂ ਵਿੱਚ ਕੰਮ ਕਰਨ ਵਾਲੇ :
ਕੋਈ ਪਰਿਵਾਰ ਕਿੰਨਾ ਸੱਭਿਅਤ ਹੈ, ਉਸ ਦਾ ਬਾਹਰ ਦੇ ਲੋਕਾਂ ਨਾਲ ਕਿਵੇਂ ਦਾ ਮੇਲ ਮਿਲਾਪ ਹੈ, ਉਹ ਆਪਣੀ ਤੇ ਦੂਜਿਆਂ ਦੀ ਜ਼ਿੰਦਗੀ ਨੂੰ ਕਿਵੇਂ ਦੇਖਦਾ ਹੈ, ਦੂਜਿਆਂ ਨੂੰ ਕਿੰਨਾ ਸਨਮਾਨ ਦਿੰਦਾ ਹੈ, ਘਰ ਵਿੱਚ ਸੱਭ ਦਾ ਕਿੰਨਾ ਪਿਆਰ ਹੈ ਇਹ ਜਾਣਨਾ ਹੋਵੇ ਤਾਂ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਦੇ ਘਰ ਵਿੱਚ ਜੋ ਕੰਮ ਕਰਨ ਵਾਲਾ ਰੋਜ਼ਾਨਾ ਆਉਂਦਾ/ਆਉਂਦੀ ਹੈ ਉਹ ਕਿੰਨੇ ਸਮੇ ਤੋਂ ਉਸ ਘਰ ਵਿੱਚ ਕੰਮ ਕਰ ਰਿਹਾ/ਰਹੀ ਹੈ।
ਘਰ ਵਾਲਿਆਂ ਦਾ ਸਾਉਪਨ, ਕਿੰਨੇਂ ਸਮੇ ਤੋਂ ਕੋਈ ਤੁਹਾਡੇ ਘਰ ਕੰਮ ਕਰ ਰਿਹਾ ਹੈ, ਇਸੇ ਤੋਂ ਹੀ ਪਤਾ ਲੱਗ ਜਾਂਦਾ ਹੈ।
ਪਰ ਜ਼ਿਆਦਾ ਇਹ ਦੇਖਣ ਵਿੱਚ ਆਉਂਦਾ ਹੈ ਕਿ ਅਸੀਂ ਘਰ ਕੰਮ ਕਰਨ ਆਉਣ ਵਾਲਿਆਂ ਨੂੰ ਇਨਸਾਨ ਹੀ ਨਹੀਂ ਸੱਮਝਦੇ। ਅਸੀਂ ਉਹਨਾਂ ਨੂੰ ਸਿਰਫ ਇੱਕ ਨੌਕਰ ਹੀ ਸੱਮਝਦੇ ਹਾਂ। ਜਿਸ ਕਰਕੇ ਪਰਿਵਾਰ ਅਤੇ ਘਰ ਕੰਮ ਕਰਨ ਆਉਣ ਵਾਲਿਆਂ ਵਿੱਚ ਪਿਆਰ ਦੀ ਕਮੀ ਰਹਿੰਦੀ ਹੈ ਤੇ ਉਹ ਛੱਡ ਕੇ ਚਲਾ ਜਾਂਦੇ ਨੇ,ਕੋਈ ਹੋਰ ਮਲਿਕ ਲੱਭਣ ਵਾਸਤੇ ਜੋ ਉਸਨੂੰ ਇਨਸਾਨ ਸਮਝੇ।
ਇਹ ਉਹ ਇਨਸਾਨ ਹੁੰਦੇ ਨੇ ਜੋ ਭਾਵੇਂ ਪੈਸੇ ਲੈਂਦੇ ਨੇ ਪਰ ਤੁਹਾਡੀ ਇੱਕ ਆਵਾਜ਼ ਵਿੱਚ ਹਾਜ਼ਿਰ ਹੋ ਜਾਂਦੇ ਨੇ ਤੇ ਇਸ ਤਰਾਂ ਇਹ ਆਪਣੇ ਬੱਚਿਆਂ ਤੋਂ ਵੀ ਵੱਧ ਪਿਆਰੇ ਹੋ ਜਾਂਦੇ ਨੇ।
ਸਾਨੂੰ ਪਤਾ ਹੈ ਕਿ ਅਸੀਂ ਕਿਸੇ ਨੂੰ ਜੇ ਆਪਣੇ ਘਰ ਕੰਮ ਤੇ ਰੱਖਿਆ ਹੈ ਤਾਂ ਸਾਨੂੰ ਉਸਦੀ ਜ਼ਰੂਰਤ ਹੁੰਦੀ ਹੈ ਤੇ ਜੇ ਉਹ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਉਹਨਾਂ ਦਾ ਧਿਆਨ ਰੱਖੀਏ।
ਇਸ ਕਰਕੇ ਤਨਖਾਹ ਤੋਂ ਇਲਾਵਾ ਉਹਨਾਂ ਨੂੰ ਕੁੱਝ ਬਜ਼ਾਰੋਂ ਲਿਆ ਕੇ ਦੇਣਾ ਪਿਆਰ ਵਿੱਚ ਵਾਧਾ ਕਰਦਾ ਹੈ।
ਉਹ ਇੱਕ ਨੌਕਰ ਨਹੀਂ ਹੁੰਦਾ ਸਗੋਂ, ਘਰ ਦਾ ਇੱਕ ਮੈਂਬਰ ਹੁੰਦਾ ਹੈ।