ਪੰਜਾਬ ਦੇ ਲੋਕ – ਗੀਤ/ Folk songs of Punjab
ਲੋਕ ਗੀਤ ਕਿਹੜੇ ਗੀਤ ਹੁੰਦੇ ਨੇ ?/ What are folk songs? :
ਲੋਕ – ਗੀਤ ਆਮ ਲੋਕਾਂ ਦੇ ਗੀਤ ਹੁੰਦੇ ਹਨ। ਇਹ ਆਪਣੇ – ਆਪ ਲੋਕਾਂ ਦੇ ਮੂੰਹੋਂ ਨਿਕਲਦੇ ਹਨ। ਲੋਕ – ਗੀਤਾਂ ਦੀ ਕੋਈ ਲਿਪੀ ਨਹੀਂ ਹੁੰਦੀ। ਪੰਜਾਬੀ ਵਿੱਚ ਕਈ ਅਣਗਣਿਤ ਲੋਕ – ਗੀਤ ਮਿਲਦੇ ਹਨ। ਪੰਜਾਬ ਦੇ ਲੋਕ – ਗੀਤ ਪੰਜਾਬੀਆਂ ਦੀ ਜ਼ਿੰਦਗੀ ਦੀ ਜਿਉਂਦੀ – ਜਾਗਦੀ ਤਸਵੀਰ ਹਨ। ਸੱਭਿਆਚਾਰ ਦੀ ਸਾਂਝੀ ਸੋਚ, ਸਾਂਝੇ ਵਲਵਲਿਆਂ ਤੇ ਪੁਰਾਣੀ ਰਹਿਣੀ – ਬਹਿਣੀ ਦੇ ਅਨੇਕਾਂ ਸਜੀਵ ਚਿੱਤਰ ਇਹਨਾਂ ਵਿਚੋਂ ਝਲਕਾਂ ਮਾਰਦੇ ਹਨ। ਪੰਜਾਬੀ, ਗੀਤਾਂ ਵਿੱਚ ਪੈਦਾ ਹੁੰਦੇ ਹਨ, ਬਚਪਨ ਵੀ ਗੀਤਾਂ ਵਿੱਚ ਗੁਜ਼ਰਦਾ ਹੈ, ਗੀਤਾਂ ਵਿੱਚ ਹੀ ਜਵਾਨ ਹੁੰਦਾ ਹੈ, ਵਿਆਹਿਆ ਵੀ ਗੀਤਾਂ ਵਿੱਚ ਜਾਂਦਾ ਹੈ, ਅੰਤ ਨੂੰ ਗੀਤਾਂ ਵਿਚ ਹੀ ਤੁਰ ਜਾਂਦਾ ਹੈ। ਇਸੇ ਲਈ ਅੱਜ ਅਸੀਂ ਪੰਜਾਬ ਦੇ ਲੋਕ – ਗੀਤ/ Folk songs of Punjab ਉੱਤੇ ਹੀ ਚਰਚਾ ਕਰਾਂਗੇ।
ਲੋਕ – ਗੀਤਾਂ ਦਾ ਰਚੇਤਾ/ Composer of folk songs :
ਲੋਕ – ਗੀਤਾਂ ਦਾ ਰਚੇਤਾ ਕੋਈ ਖ਼ਾਸ ਇਨਸਾਨ ਨਹੀਂ ਹੁੰਦਾ। ਲੋਕ – ਗੀਤ ਆਮ ਲੋਕਾਂ ਦੇ ਗੀਤ ਹੁੰਦੇ ਹਨ ਜਿਹੜੇ ਕਿ ਆਪ – ਮੁਹਾਰੇ ਲੋਕਾਂ ਦੇ ਮੂੰਹੋਂ ਫੁੱਟਦੇ ਹਨ। ਸਧਾਰਨ ਲੋਕਾਂ ਦੇ ਦਿਲੀ ਭਾਵ ਹੀ ਗੀਤਾਂ ਦਾ ਰੂਪ ਧਾਰ ਲੈਂਦੇ ਹਨ। ਇਹ ਲੋਕ – ਗੀਤ ਸਮੇਂ – ਸਥਾਨ ਕਈ ਹੋਰ ਕਾਰਨਾਂ ਕਰਕੇ ਬਦਲਦੇ ਰਹਿੰਦੇ ਹਨ। ਪੁਰਾਣੇ ਲੋਕ – ਗੀਤਾਂ ਦੇ ਖ਼ਜਾਨੇ ਵਿੱਚ ਲੋਕਾਂ ਵੱਲੋਂ ਨਵੇਂ ਰਚੇ ਲੋਕ – ਗੀਤ ਵੀ ਸ਼ਾਮਲ ਹੁੰਦੇ ਰਹਿੰਦੇ ਹਨ।
ਲੋਕ – ਗੀਤਾਂ ਦਾ ਵਿਸ਼ਾ/ Subject of folk songs :
ਲੋਕ – ਗੀਤਾਂ ਦਾ ਵਿਸ਼ਾ ਖੁੱਲ੍ਹਾ ਹੁੰਦਾ ਹੈ। ਪੰਜਾਬੀਆਂ ਦੇ ਜੀਵਨ ਵਿੱਚ ਵਰਤਣ ਵਾਲਾ ਹਰ ਪਲ ਲੋਕ – ਗੀਤਾਂ ਦਾ ਅੰਗ ਬਣ ਜਾਂਦਾ ਹੈ। ਲੋਕ – ਗੀਤਾਂ ਵਿੱਚ ਬੱਚੇ – ਬੁੱਢੇ, ਗੱਭਰੂ, ਮੁਟਿਆਰਾਂ, ਪਿਆਰ, ਵਫ਼ਾਦਾਰੀ, ਵਿਛੋੜਾ, ਪਸ਼ੂ, ਪੰਛੀ, ਪਿੰਡ, ਸ਼ਹਿਰ, ਸੰਤ, ਸੂਰਬੀਰ, ਦੇਸ਼ – ਭਗਤ, ਡਾਕੂ, ਬਿਮਾਰੀ, ਮੌਤ ਹਰ ਤਰ੍ਹਾਂ ਦਾ ਵਿਸ਼ਾ ਆ ਜਾਂਦਾ ਹੈ।
ਲੋਕ ਗੀਤਾਂ ਦੇ ਰੂਪ/ Forms of folk songs :
ਲੋਕ – ਗੀਤ ਕਈ ਰੂਪਾਂ ਵਿੱਚ ਮਿਲਦੇ ਹਨ। ਲੋਕ – ਗੀਤ ਹਰ ਮੌਕੇ ਤੇ ਗਾਏ ਜਾਂਦੇ ਹਨ। ਇਹ ਮੌਕਾ ਭਾਵੇਂ ਗਮੀ ਦਾ ਹੋਵੇ ਜਾਂ ਖੁਸ਼ੀ ਦਾ ਹੋਵੇ ਜਾਂ ਫਿਰ ਕੋਈ ਰਸਮ ਰਿਵਾਜ ਹੋਵੇ। ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਲੋਰੀਆਂ ਲੋਕ – ਗੀਤਾਂ ਦਾ ਹੀ ਰੂਪ ਹਨ। ਵਿਆਹ ਸਮੇਂ ਗਾਏ ਜਾਂਦੇ ਸੁਹਾਗ, ਘੋੜੀਆਂ, ਮਾਹੀਆ, ਟੱਪੇ ਜਾ ਬੋਲੀਆਂ ਵੀ ਲੋਕ – ਗੀਤਾਂ ਦੇ ਅੰਦਰ ਹੀ ਆਉਂਦੇ ਹਨ।
ਬੱਚੇ ਦੇ ਜਨਮ ਸਮੇਂ ਦੇ ਲੋਕ – ਗੀਤ/ Folk songs at the time of the birth of a child :
ਲੋਕ – ਗੀਤ ਬੱਚੇ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦੇ ਹਨ। ਮਾਂ ਵੱਲੋਂ ਬੱਚੇ ਨੂੰ ਦਿੱਤੀਆਂ ਲੋਰੀਆਂ ਸੁਣ ਕੇ ਬੱਚਾ ਸੌ ਜਾਂਦਾ ਹੈ : ਜਿਵੇਂ ਕਿ
ਅੱਲ੍ਹੜ ਬੱਲ੍ਹੜ ਬਾਵੇ ਦਾ
ਕਣਕ ਲਿਆਵੇਗਾ,
ਬਾਵੀ ਬੈਠ ਕੇ ਛੱਟੇਗੀ,
ਮਾਂ ਪੂਣੀਆਂ ਵੱਟੇਗੀ।
ਕੁੜੀ ਦੇ ਵਿਆਹ ਸਮੇਂ ਦੇ ਲੋਕ – ਗੀਤ/ Girl’s wedding folk songs :
ਕੁੜੀ ਦੇ ਵਿਆਹ ਸਮੇਂ ਸੁਹਾਗ ਗਾਇਆ ਜਾਂਦਾ ਹੈ। ਸੁਹਾਗ ਵਿੱਚ ਕੁੜੀ ਦੀਆਂ ਰੀਝਾਂ ਮਾਪਿਆਂ ਨਾਲ ਪਿਆਰ, ਪਰਿਵਾਰ ਨਾਲ ਸਾਂਝ ਤੇ ਵਿਛੋੜੇ ਦਾ ਹਾਲ ਹੁੰਦਾ ਹੈ।
ਜਿਵੇਂ
ਸਾਡਾ ਚਿੜੀਆਂ ਦਾ ਚੰਬਾ ਵੇ,
ਬਾਬਲ ਅਸਾਂ ਉੱਡ ਜਾਣਾ,
ਸਾਡੀ ਲੰਬੀ ਉਡਾਰੀ ਵੇ,
ਬਾਬਲ ਕਿਹੜੇ ਦੇਸ ਜਾਣਾ|
ਪੰਜਾਬੀ ਭਾਸ਼ਾ ਨਾਲ ਸੰਬੰਧਿਤ ਪੋਸਟ ਪੜ੍ਹਨ ਲਈ ਇੱਥੇ 👉 CLICK ਕਰੋ।
ਮੁੰਡੇ ਦੇ ਵਿਆਹ ਸਮੇਂ ਗਾਏ ਜਾਂਦੇ ਲੋਕ – ਗੀਤ/ Folk songs sung at the time of a boy’s marriage :
ਮੁੰਡੇ ਦੇ ਵਿਆਹ ਸਮੇਂ ਘੋੜੀਆਂ ਗਾਈਆਂ ਜਾਂਦੀਆਂ ਹਨ, ਜਿਵੇਂ –
‘ਘੋੜੀ ਤੇਰੀ ਵੇ ਮੱਲਾ ਸੋਹਣੀ ਵੇ,
ਸੋਂਹਦੀ ਕਾਠੀਆਂ ਦੇ ਨਾਲ,
ਕਾਠੀਆਂ ਡੇਢ ਤੇ ਹਜ਼ਾਰ ਮੈਂ ਬਲਿਹਾਰੀ ਜਾਵਾਂ।
ਲੋਕ – ਨਾਇਕਾਂ ਨਾਲ ਸੰਬੰਧਿਤ ਲੋਕ – ਗੀਤ/ Folk songs related to folk heroes :
ਪੰਜਾਬੀ ਲੋਕ – ਗੀਤਾਂ ਵਿੱਚ ਪੰਜਾਬੀਆਂ ਦੀ ਸੂਰਮਗਤੀ ਨੂੰ ਭਾਵੇਂ ਸਿੱਧਾ ਕਾਵਿ ਪ੍ਰਗਟਾਵਾ ਤਾਂ ਨਹੀਂ ਮਿਲਿਆ ਪਰ ਪੰਜਾਬੀਆਂ ਦੇ ਲੋਕ ਮਨਾਂ ਵਿੱਚ ਵੱਸਦੇ ਲੋਕ ਨਾਇਕ ਦੇ ਕਾਰਨਾਮਿਆਂ ਅਤੇ ਲੋਕ ਪ੍ਰਵਾਨਗੀ ਦੇ ਅਨੇਕਾਂ ਵੇਰਵਿਆਂ ਨੂੰ ਲੋਕ – ਗੀਤਕਾਰਾਂ ਨੇ ਪ੍ਰਵਾਨ ਕਰ ਲਿਆ ਹੈ। ਲੋਕ – ਗੀਤਾਂ ਵਿੱਚ ਸਾਡੇ ਲੋਕ – ਨਾਇਕਾਂ ਦੁੱਲਾ ਭੱਟੀ, ਜੱਗਾ ਜੱਟ, ਜਿਊਣਾ ਮੋੜ, ਭਗਤ ਸਿੰਘ ਦੀਆਂ ਜੀਵਨ ਗਥਾਵਾਂ ਦੇ ਉਹਨਾਂ ਪੱਖਾਂ ਨੂੰ ਅਚੇਤ ਰੂਪ ਵਿੱਚ ਜ਼ੁਬਾਨ ਮਿਲ ਗਈ ਹੈ। ਦੁੱਲੇ ਭੱਟੀ ਦੀ ਲੋਕ ਪ੍ਰਸਿੱਧੀ ਇਸ ਲੋਕ – ਗੀਤ ਦੁਆਰਾ ਹੋਈ–
ਸੁੰਦਰ ਮੁੰਦਰੀਏ ਹੋ।
ਤੇਰਾ ਕੌਣ ਵਿਚਾਰਾ ਹੋ।
ਦੁੱਲਾ ਭੱਟੀ ਵਾਲਾ ਹੋ।
ਦੁੱਲੇ ਦੀ ਧੀ ਵਿਆਹੀ ਹੋ….
ਪਿਆਰ ਦੇ ਲੋਕ – ਗੀਤ/ Folk songs on love :
ਪਿਆਰ ਦੇ ਖੇਤਰ ਵਿੱਚ ਸਾਡੇ ਪ੍ਰੀਤ ਨਾਇਕਾਂ ਹੀਰ ਰਾਂਝਾ, ਸੱਸੀ ਪੁੰਨੂ, ਮਿਰਜ਼ਾ ਸਾਹਿਬਾ, ਸੋਹਣੀ ਮਹੀਂਵਾਲ ਆਦਿ ਨੇ ਪੰਜਾਬੀ ਲੋਕ – ਗੀਤਾਂ ਵਿੱਚ ਵਿਸ਼ੇਸ਼ ਥਾਂ ਪਾਈ ਹੈ। ਇੰਞ ਲੱਗਦਾ ਹੈ ਕਿ ਪ੍ਰੀਤ ਨਾਇਕ ਲੋਕ – ਗੀਤਾਂ ਥਾਈਂ ਲੰਘ ਕੇ ਹੀ ਸਾਡੀਆਂ ਕਿੱਸਾ ਰਚਨਾਵਾਂ ਦਾ ਅੰਗ ਬਣੇ ਹਨ।
ਲੋਕ ਗੀਤਾਂ ਵਿਚ ਨੂੰਹ ਤੇ ਸੱਸ ਦਾ ਰਿਸ਼ਤਾ/ Relationship between daughter-in-law and mother-in-law in folk songs :
ਲੋਕ – ਗੀਤਾਂ ਵਿੱਚ ਸੱਸ ਬਾਰੇ ਵਿਸ਼ੇਸ਼ ਗੱਲ ਕੀਤੀ ਜਾਂਦੀ ਹੈ। ਕੁੜੀਆਂ ਆਪਣੀ ਸੱਸ ਨੂੰ ਹਮੇਸ਼ਾ ਨਿੰਦਦੀਆਂ ਹਨ ਕਿਉਂਕਿ ਉਸਨੂੰ ਸੁਹਰੇ ਘਰ ਮਾਹੌਲ ਚੰਗਾ ਨਹੀਂ ਮਿਲਦਾ। ਸੱਸ ਵੱਲੋਂ ਦਿੱਤੇ ਤਾਨੇ – ਮੇਹਣੇ, ਨਸੀਹਤਾਂ ਉਸਨੂੰ ਦੁਖੀ ਕਰ ਦਿੰਦੇ ਹਨ—
‘ਮਾਪਿਆਂ ਨੇ ਰੱਖੀ ਲਾਡਲੀ,
ਅੱਗੇ ਸੱਸ ਬਘਿਆੜੀ ਟੱਕਰੀ”
ਨੂੰਹ ਸੱਸ ਦਾ ਰਿਸ਼ਤਾ ਕਿਤੇ – ਕਿਤੇ ਪਿਆਰ ਭਰਿਆ ਵੀ ਹੁੰਦਾ ਹੈ, ਜਿਵੇਂ—–
ਮੇਰੀ ਸੱਸ ਮੈਨੂੰ ਲੱਗੇ ਮੇਰੀ ਮਾਂ ਵਰਗੀ,
ਪਿੱਪਲੀ ਦੀ ਠੰਢੀ – ਠੰਢੀ ਛਾਂ ਵਰਗੀ।
ਇਤਿਹਾਸਕ ਲੋਕ – ਗੀਤ/ Historical folk songs :
ਲੋਕ – ਗੀਤਾਂ ਵਿੱਚ ਇਤਿਹਾਸ ਝਲਕਦਾ ਹੈ,
ਤੇਰਾ ਰਾਜ ਨਾ ਫਰੰਗੀਆਂ ਰਹਿਣਾ ਭਗਤ ਸਿੰਘ ਕੋਹ ਸੁੱਟਿਆ।
ਤੇਰੇ ਬੰਬਾਂ ਨੂੰ ਚੱਲਣ ਨਹੀਂ ਦੇਣਾ, ਗਾਂਧੀ ਦੇ ਚਰਖੇ ਨੇ।
ਸੋਗ ਦੇ ਲੋਕ – ਗੀਤ/ Folk songs of mourning :
ਵੈਣ, ਕੀਰਨੇ ਆਦਿ ਸੋਗ ਦੇ ਲੋਕ – ਗੀਤਾਂ ਵਿੱਚ ਆਉਂਦੇ ਹਨ।
ਲੋਕ- ਗੀਤਾਂ ਦੀ ਉਮਰ ਲੰਮੀ ਹੁੰਦੀ ਹੈ। ਇਨ੍ਹਾਂ ਦਾ ਕੋਈ ਅੰਤ ਨਹੀਂ। ਇਹ ਪੁਰਾਣੇ ਸਮੇਂ ਤੋਂ ਚਲੇ ਆ ਰਹੇ ਹਨ ਤੇ ਨਿਰੰਤਰ ਅੱਗੇ ਚੱਲਦੇ ਰਹਿਣਗੇ।
ਖੁੱਲ੍ਹੇ ਸੁਭਾਅ ਅਤੇ ਖੁੱਲ੍ਹੇ ਲੋਕ ਗੀਤ :
Loading Likes...ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਲੋਕ – ਗੀਤਾਂ ਵਿੱਚ ਜੀਵਨ ਸਾਫ਼ – ਸਾਫ਼ ਨਜ਼ਰ ਆਉਂਦਾ ਹੈ। ਲੋਕ – ਗੀਤਾਂ ਵਿੱਚ ਬੋਲੀਆਂ, ਟੱਪੇ, ਸਿੱਠਣੀਆਂ, ਕੀਰਨੇ, ਦੋਹੇ, ਬੈਤ ਆਦਿ ਸ਼ਾਮਿਲ ਹੈ। ਪੰਜਾਬ ਦੇ ਲੋਕ – ਗੀਤਾਂ ਵਿੱਚ ਪੰਜਾਬੀਆਂ ਦੇ ਖੁੱਲ੍ਹੇ ਸੁਭਾਅ ਦੀ ਤਰ੍ਹਾਂ ਲੋਕ – ਗੀਤ ਵੀ ਖੁੱਲ੍ਹੇ ਹਨ। ਜਿਸ ਵਿੱਚ ਆਰਥਕ ਇਤਿਹਾਸਕ, ਰਾਜਨੀਤਿਕ, ਸੱਭਿਆਚਾਰਕ ਪੱਖ ਦਿਖਾਈ ਦਿੰਦੇ ਹਨ।